ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੌਧੀ ਦੇ ਮਹਾਰਾਜਾ ਕਪੂਰਥਲਾ ਦੇ ਸਮੇਂ ਦੇ ਸਭ ਤੋਂ ਪੁਰਾਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਬੋਬੀ ਬੈਕਰੀ ਵਾਲੀ ਗਲੀ ਵਾਲੇ ਹਿੱਸੇ ‘ਤੇ ਭੂ ਮਾਫੀਆ ਦੀ ਨਜ਼ਰ ਪੈ ਚੁੱਕੀ ਹੈ।

ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਮਾਰਟ ਸਿਟੀ ਅਧੀਨ ਆ ਚੁੱਕੇ ਇਸ ਸਕੂਲ ਦੀ ਚਾਰ ਦਿਵਾਰੀ ਦੇ ਕੁੱਝ ਹਿੱਸੇ ਨੂੰ ਪਿਛਲੇ ਸਮੇਂ ਦੇ ਇਕ ਜ਼ਿਲ੍ਹਾ ਅਧਿਕਾਰੀ ਨੇ ਸਥਾਨਕ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਤੋੜ ਕੇ ਅੰਦਰਲੇ ਪਾਸੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਨੂੰ ਅੰਜਾਮ ਦੇ ਦਿੱਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਹੋ ਜਾਣ ਦੇ ਬਾਵਜੂਦ ਨਾ ਤਾਂ ਸਕੂਲ ਇੰਚਾਰਜ ਨੂੰ ਕੋਈ ਖਬਰ ਹੈ ਤੇ ਨਾਂ ਹੀ ਪ੍ਰਸ਼ਾਸਨ ਨੂੰ। ਕੁਝ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਭੂ ਮਾਫੀਆ ਨਾਲ ਸਬੰਧਤ ਵਿਅਕਤੀਆਂ ਅਤੇ ਵਰਦੀ ਧਾਰੀ ਕਰਮਚਾਰੀਆਂ ਦੀਆਂ ਸਕੂਲ ਦੀ ਚਾਰ ਦਿਵਾਰੀ ਅੰਦਰ ਲੱਗੇ ਸੈਂਕੜੇ ਰੁੱਖਾਂ ਦੇ ਕੋਲ ਸਰਗਰਮੀਆਂ ਵੇਖਣ ਨੂੰ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਉਹ ਸਮਝੇ ਕਿ ਇਸ ਸਕੂਲ ਅੰਦਰ ਸਮਾਰਟ ਸਿਟੀ ਪ੍ਰਰਾਜੈਕਟ ਤਹਿਤ ਬਣ ਰਹੀ ਬਿਲਡਿੰਗ ਕਾਰਨ ਸ਼ਾਇਦ ਕੁੱਝ ਅਧਿਕਾਰੀ ਹੋਣਗੇ ਪਰ ਬਾਅਦ ਵਿਚ ਪਤਾ ਲਗਾ ਕਿ ਸਕੂਲ ਦੀ ਕਈ ਦਹਾਕਿਆਂ ਪੁਰਾਣੀ ਚਾਰ ਦਿਵਾਰੀ ਅੰਦਰ ਇਹ ਸੀਮੰਟ ਦੇ ਖੰਭੇ ਐਤਵਾਰ ਵਾਲੇ ਦਿਨ ਕਿਉਂ ਲਾਏ ਜਾ ਰਹੇ ਹਨ।

ਇਸ ਮੌਕੇ ਸਿਟੀਜ਼ਨ ਵੈੱਲਫੇਅਰ ਫੋਰਮ ਨੇ ਕਿਹਾ ਕਿ ਇਕ ਪਾਸੇ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਅੰਮਿ੍ਤਸਰ ਵਿਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰ ਕੇ ਵਾਹ ਵਾਹੀ ਖੱਟ ਰਹੇ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਹੀ ਅੰਮਿ੍ਤਸਰ ਤੋਂ ਸਿਰਫ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਬਾਬਾ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਸਰਕਾਰੀ ਸਕੂਲ ਅੰਦਰ ਕਬਜ਼ਿਆਂ ਦੀ ਕੋਸ਼ਿਸ਼ ਨੂੰ ਅੰਜਾਮ ਦੇ ਕੇ ਵਿਦਿਆ ਦੇ ਮੰਦਰ ਦੀ ਸ਼ਰੇਆਮ ਲੁੱਟ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਸ ਸਬੰਧੀ ਤੁਰੰਤ ਐਕਸ਼ਨ ਨਾ ਲੈਂਦੇ ਵਿਜੀਲੈਂਸ ਜਾਂਚ ਨਾ ਕਰਵਾਈ ਤਾਂ ਸਮਿਝਆ ਇਹੀ ਜਾਵੇਗਾ ਕਿ ਸਭ ਕੁਝ ਸਰਕਾਰ ਦੀ ਸ਼ਹਿ ਉਪਰ ਹੋ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਅਤੇ ਸਮਾਂ ਆਉਣ ‘ਤੇ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਦੀ ਥਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਪਹਿਲਾਂ ਵੀ ਕਾਂਗਰਸ ਸਰਕਾਰ ਵੇਲੇ ਕੀਤੀ ਗਈ ਸੀ। ਇੱਥੋਂ ਤਕ ਕਿ ਹਿੱਸੇਦਾਰੀ ਨੂੰ ਲੈ ਕੇ ਸੌਦੇਬਾਜ਼ੀ ਵੀ ਹੋਈ ਜੋ ਸਿਰੇ ਨਹੀਂ ਚੜ੍ਹਨ ਕਾਰਨ ਕਬਜ਼ੇ ਦੀ ਪਲਾਨਿੰਗ ਸਿਰੇ ਨਹੀਂ ਲੱਗੀ। ਸ਼ਹਿਰ ਨਿਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਹੈ ਕਿ ਭੂ ਮਾਫੀਆ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਲਤਾਨਪੁਰ ਲੋਧੀ ਦੀ ਢਾਹ ਦਿੱਤੀ ਗਈ ਚਾਰ ਦਿਵਾਰੀ ਦੇ ਹਿੱਸੇ ਦਾ ਤੁਰੰਤ ਨਿਰਮਾਣ ਕਰਵਾਇਆ ਜਾਵੇ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।

———-

ਪੜਤਾਲ ਕਰਵਾ ਕੇ ਅਧਿਕਾਰੀਆਂ ਦੇ ਧਿਆਨ ‘ਚ ਲਿਆਵਾਂਗੇ ਮਾਮਲਾ : ਸਕੂਲ ਇੰਚਾਰਜ

ਉਧਰ ਜਦੋਂ ਇਸ ਸਬੰਧ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਇੰਚਾਰਜ ਤਰਸੇਮ ਸਿੰਘ ਨੂੰ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ ‘ਤੇ ਸਨ। ਸਕੂਲ ਦੀ ਚਾਰ ਦਿਵਾਰੀ ਅੰਦਰ ਕੀ ਹੋਇਆ, ਉਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ। ਸਕੂਲ ਦੀ ਚਾਰਦੀਵਾਰੀ ਅੰਦਰ ਟੈਂਡਰ ਤੋਂ ਬਾਅਦ ਨਵੀਂ ਇਮਾਰਤ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਸੀ ਜੋ ਹੁਣ ਬੰਦ ਹੈ। ਮਿੱਟੀ ਬੱਜਰੀ ਪਏ ਹੋਣ ਕਾਰਨ ਉਹ ਕੁੱਝ ਦਿਨਾਂ ਤੋਂ ਉਸ ਪਾਸੇ ਨਹੀਂ ਜਾ ਪਾਏ ਹਨ। ਪਿਛਲੇ ਹਫਤੇ ਚਾਰ ਦਿਵਾਰੀ ਅੰਦਰ ਸਭ ਠੀਕ ਠਾਕ ਸੀ ਹੁਣ ਸੀਮੰਟ ਦੇ ਖੰਭੇ ਅਚਾਨਕ ਕੌਣ ਗੱਡ ਗਿਆ ਇਸ ਸੰਬੰਧੀ ਪੜਤਾਲ ਕਰ ਕੇ ਜਲਦ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

———–

ਡੀਐੱਸਪੀ ਨੂੰ ਕਾਰਵਾਈ ਲਈ ਕਿਹਾ : ਐੱਸਡੀਐੱਮ

ਇਸ ਸਬੰਧੀ ਜਦੋਂ ਐੱਸਡੀਐੱਮ ਸੁਲਤਾਨਪੁਰ ਲੋਧੀ ਜਸਪ੍ਰਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਅਤੇ ਅਗਲੇਰੀ ਕਾਰਵਾਈ ਵਾਸਤੇ ਡੀਐੱਸਪੀ ਸੁਲਤਾਨਪੁਰ ਲੋਧੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।