ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਸਥਾਨਕ ਮੇਨ ਬਾਜ਼ਾਰ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਕੂਲੀ ਵਿਦਿਆਰਥਣਾਂ ਨੂੰ ਤੰਗ-ਪਰੇਸ਼ਾਨ ਕਰਦੇ ਮਨਚਲੇ ਲੜਕਿਆਂ ਦਾ ਲੋਕਾਂ ਵਲੋਂ ਫੜ ਕੇ ਕੁਟਾਪਾ ਚਾੜ੍ਹਿਆ ਗਿਆ ਜਿਨ੍ਹਾਂ 1 ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਦਕਿ 2 ਫ਼ਰਾਰ ਹੋ ਗਏ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਇੱਥੋਂ ਦੇ ਇੱਕ ਸਕੂਲ ਵਿਚ ਪੜ੍ਹਦੀਆਂ ਵਿਦਿਆਰਥਣਾਂ ਰੋਜ਼ਾਨਾ ਦੀ ਤਰ੍ਹਾਂ ਛੁੱਟੀ ਉਪਰੰਤ ਘਰ ਵਾਪਸ ਜਾਂਦੀਆਂ ਸਨ ਤਾਂ 3 ਮਨਚਲੇ ਲੜਕੇ ਉਨ੍ਹਾਂ ਦਾ ਪਿੱਛਾ ਕਰ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਇਨ੍ਹਾਂ ਵਿਦਿਆਰਥਣਾਂ ਨੇ ਅੱਕ ਕੇ ਸਾਰੀ ਘਟਨਾ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਅੱਜ ਜਦੋਂ ਛੁੱਟੀ ਉਪਰੰਤ ਮਾਪੇ ਸਕੂਲ ਪਹੁੰਚ ਗਏ ਤਾਂ ਇਹ ਵਿਦਿਆਰਥਣਾਂ ਘਰ ਵਾਪਸੀ ਲਈ ਤੁਰ ਪਈਆਂ। ਇਹ ਮਨਚਲੇ ਲੜਕੇ ਵੀ ਇੱਕ ਮੋਟਰਸਾਈਲ ’ਤੇ ਸਵਾਰ ਹੋ ਕੇ ਇਨ੍ਹਾਂ ਵਿਦਿਆਰਥਣਾਂ ਦਾ ਪਿੱਛਾ ਕਰਨ ਲੱਗ ਪਏ ਅਤੇ ਮੇਨ ਬਾਜ਼ਾਰ ਵਿਖੇ ਜਾ ਕੇ ਮਾਪਿਆਂ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।

ਭਰੇ ਬਜ਼ਾਰ ਵਿਚ ਇਨ੍ਹਾਂ ਮਨਚਲੇ ਲੜਕਿਆਂ ਦਾ ਕੁਟਾਪਾ ਚੜ੍ਹਨਾ ਸ਼ੁਰੂ ਹੋਇਆ ਤਾਂ ਇਨ੍ਹਾਂ ’ਚੋਂ 2 ਮੌਕੇ ਤੋਂ ਫ਼ਰਾਰ ਹੋ ਗਏ ਜਦਕਿ 1 ਕਾਬੂ ਕਰ ਲਿਆ ਗਿਆ। ਬਾਜ਼ਾਰ ਵਿਚ ਭਾਰੀ ਇਕੱਠ ਹੋ ਗਿਆ ਅਤੇ ਵਿਦਿਆਰਥਣਾਂ ਨੇ ਦੱਸਿਆ ਕਿ ਇਹ ਲੜਕੇ ਉਨ੍ਹਾਂ ਨੂੰ ਬਹੁਤ ਤੰਗ-ਪਰੇਸ਼ਾਨ ਕਰਦੇ ਸਨ ਅਤੇ ਮੋਬਾਈਲ ਨੰਬਰ ਦੀ ਮੰਗ ਵੀ ਕਰਦੇ ਸਨ। ਛੇੜਛਾੜ ਤੋਂ ਤੰਗ ਲੜਕੀਆਂ ਨੇ ਇਸ ਮਨਚਲੇ ਲੜਕੇ ਦਾ ਚੰਗਾ ਕੁਟਾਪਾ ਚਾੜ੍ਹਿਆ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਲੋਕਾਂ ਦੀ ਭੀੜ ਵਲੋਂ ਕਾਬੂ ਕੀਤੇ ਇੱਕ ਲੜਕੇ ਨੂੰ ਕਾਬੂ ਕਰ ਥਾਣੇ ਲਿਆਂਦਾ ਅਤੇ ਇਨ੍ਹਾਂ ਦਾ ਮੋਟਰਸਾਈਕਲ ਵੀ ਆਪਣੇ ਕਬਜ਼ੇ ’ਚ ਲੈ ਲਿਆ। ਸਹਾਇਕ ਥਾਣੇਦਾਰ ਮਦਨ ਲਾਲ ਨੇ ਦੱਸਿਆ ਕਿ ਲੜਕੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।