ਸ਼ਾਨਦਾਰ

-ਖੇਡਾਂ ਵਤਨ ਪੰਜਾਬ ਦੀਆਂ-2023 ਦੇ ਰਾਜ ਪੱਧਰੀ ਕੈਕਿੰਗ/ਕੈਨੋਇੰਗ ਖੇਡ ਮੁਕਾਬਲੇ ਹੋਏ ਸਮਾਪਤ

-ਮੋਹਾਲੀ 15 ਗੋਲਡ ਮੈਡਲ ਨਾਲ ਦੂਜੇ ਤੇ ਫ਼ਾਜ਼ਿਲਕਾ 13 ਗੋਲਡ ਜਿੱਤ ਕੇ ਤੀਜੇ ਨੰਬਰ ‘ਤੇ

ਆਰ. ਸਿੰਘ, ਪਠਾਨਕੋਟ

ਜ਼ਿਲ੍ਹਾ ਪਠਾਨਕੋਟ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਦੀਆਂ ਸੂਬਾ ਪੱਧਰੀ ਖੇਡਾਂ ਦਾ ਸਮਾਪਤੀ ਸਮਾਰੋਹ ਚਮਰੋੜ (ਮਿੰਨੀ ਗੋਆ) ਵਿਖੇ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ, ਮੈਡਲ ਅਤੇ ਯਾਦਗਾਰੀ ਚਿਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕਾਲਾ ਰਾਮ ਮਾਂਸਲ ਐੱਸਡੀਐੱਮ ਪਠਾਨਕੋਟ, ਜਗਜੀਵਨ ਸਿੰਘ ਜ਼ਿਲ੍ਹਾ ਖੇਡ ਅਫਸਰ, ਸਾਹਿਬ ਸਿੰਘ ਸਾਬਾ ਤੇ ਭਾਣੂ ਪਰਤਾਪ ਆਮ ਆਦਮੀ ਪਾਰਟੀ, ਬਲਕਾਰ ਸਿੰਘ ਪਠਾਨੀਆ, ਡਾ. ਕੇਵਲ ਕ੍ਰਿਸਨ, ਲਛਮਣ ਸਿੰਘ ਤਹਿਸੀਲਦਾਰ, ਐੱਨਡੀਆਰਐੱਫ ਟੀਮ ਦੇ ਅਧਿਕਾਰੀ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਰਾਜ ਪੱਧਰੀ ਕੈਕਿੰਗ ਅਤੇ ਕੈਨੋਇੰਗ ਵਾਟਰ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਰਾਜ ਪੱਧਰੀ ਖੇਡਾਂ ਤਿੰਨ ਦਿਨ ਕਰਵਾਈਆਂ ਗਈਆਂ ਅਤੇ ਅੱਜ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਕਰੀਬ 53 ਲੱਖ ਰੁਪਏ ਦੇ ਨਕਦ ਇਨਾਮ ਅਤੇ ਮੈਡਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਰੀਬ 13 ਜਿਲਿ੍ਹਆਂ ਤੋਂ 148 ਖਿਡਾਰੀਆਂ ਨੇ ਇਨ੍ਹਾਂ ਰਾਜ ਪੱਧਰੀ ਖੇਡਾਂ ਵਿਚ ਹਿੱਸਾ ਲੈ ਕੇ ਹੋਰਨਾਂ ਖਿਡਾਰੀਆਂ ਦਾ ਮਨੋਬਲ ਵਧਾਇਆ ਹੈ। ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਪੜ ਓਵਰਆਲ 39 ਗੋਲਡ ਮੈਡਲ ਜਿੱਤ ਕੇ ਪਹਿਲੇ ਨੰਬਰ ‘ਤੇ ਰਿਹਾ, ਜ਼ਿਲ੍ਹਾ ਮੋਹਾਲੀ 15 ਗੋਲਡ ਜਿੱਤ ਕੇ ਦੂਜੇ ਤੇ ਜ਼ਿਲ੍ਹਾ ਫ਼ਾਜ਼ਿਲਕਾ 13 ਗੋਲਡ ਹਾਸਲ ਕਰ ਕੇ ਤੀਜੇ ਨੰਬਰ ‘ਤੇ ਰਿਹਾ।

—————-

ਫੋਟੋ 6 –

ਸੂਬਾ ਪੱਧਰੀ ਖੇਡਾਂ ਦੇ ਸਮਾਪਤੀ ਸਮਾਗਮ ਮੌਕੇ ਜੇਤੂ ਖਿਡਾਰੀਆਂ ਨਾਲ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ, ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਹੋਰ।