ਦਲਵਿੰਦਰ ਸਿੰਘ ਰਛੀਨ, ਰਾਏਕੋਟ : ਰਾਏਕੋਟ ਸਿਟੀ ਪੁਲਿਸ ਦੇ ਮੁਖੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕਸਣ ਤੇ ਸ਼ਹਿਰ ‘ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਦੇ ਮਕਸਦ ਤਹਿਤ ਸਥਾਨਕ ਬਰਨਾਲਾ ਚੌਕ ‘ਚ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਪੁਲਿਸ ਟੀਮ ਵੱਲੋਂ ਜਿਥੇ ਸ਼ਹਿਰ ‘ਚ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ, ਉਥੇ ਹੀ ਉਨ੍ਹਾਂ ਦੇ ਕਾਗਜਾਤ ਚੈੱਕ ਕੀਤੇ ਤੇ ਲੋੜੀਂਦੇ ਕਾਗਜਾਤ ਨਾ ਦਿਖਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਸ ਮੌਕੇ ਐੱਸਐੱਚਓ ਦਵਿੰਦਰ ਸਿੰਘ ਨੇ ਕਿਹਾ ਤਿਉਹਾਰਾਂ ਦੇ ਮੱਦੇਨਜ਼ਰ ਸਿਟੀ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ‘ਚ ਕਾਨੂੰਨ ਦਾ ਡਰ ਬਣਿਆ ਰਹੇ ਤੇ ਸ਼ਹਿਰ ‘ਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ।


