ਆਨਲਾਈਨ ਡੈਸਕ, ਨਵੀਂ ਦਿੱਲੀ : ਵਧਦੀ ਠੰਡ ਤੇ ਧੁੰਦ ਕਾਰਨ ਕਈ ਫਲਾਈਟਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੋਮਵਾਰ ਨੂੰ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਹੈ।

ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦਸੰਬਰ 2023 ਦੌਰਾਨ ਡੋਮੇਸਟਿਕ ਫਲਾਈਟ ‘ਤੇ 712 ਯਾਤਰੀਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਸ਼ਿਕਾਇਤਾਂ ‘ਚ ਯਾਤਰੀਆਂ ਨੇ ਫਲਾਈਟ ‘ਚ ਸਮੱਸਿਆਵਾਂ ਦੇ ਨਾਲ-ਨਾਲ ਰਿਫੰਡ ਨੂੰ ਲੈ ਕੇ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਡੀਜੀਸੀਏ ਨੇ ਸੋਮਵਾਰ ਨੂੰ ਦਸੰਬਰ ਲਈ ਹਵਾਈ ਆਵਾਜਾਈ ਦੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦਸੰਬਰ 2023 ਦੌਰਾਨ ਯਾਤਰੀਆਂ ਨਾਲ ਸਬੰਧਤ ਕੁੱਲ 712 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਦਸੰਬਰ 2023 ‘ਚ ਪ੍ਰਤੀ 10,000 ਯਾਤਰੀਆਂ ‘ਤੇ ਸ਼ਿਕਾਇਤਾਂ ਦੀ ਗਿਣਤੀ ਲਗਭਗ 0.52 ਰਹੀ ਹੈ।

ਯਾਤਰੀਆਂ ਨੇ ਫਲਾਈਟ ਲੇਟ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਏਅਰਲਾਈਨਜ਼ ਨੂੰ ਮਿਲੀਆਂ ਸ਼ਿਕਾਇਤਾਂ ਵਿੱਚੋਂ 705 (ਲਗਭਗ 99 ਫੀਸਦੀ) ਦਾ ਨਿਪਟਾਰਾ ਕੀਤਾ ਗਿਆ ਹੈ।

ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਅਨੁਸਾਰ, ਕੁੱਲ 61.8 ਪ੍ਰਤੀਸ਼ਤ ਸ਼ਿਕਾਇਤਾਂ ਉਡਾਣ ਨਾਲ ਸਬੰਧਤ ਸਮੱਸਿਆਵਾਂ ਬਾਰੇ ਸਨ। ਇਸ ਦੇ ਨਾਲ ਹੀ 12.8 ਫੀਸਦੀ ਸ਼ਿਕਾਇਤਾਂ ਰਿਫੰਡ ਸਮੱਸਿਆਵਾਂ ਨਾਲ ਸਬੰਧਤ ਸਨ। ਸਮਾਨ ਨਾਲ ਸਬੰਧਤ ਸਮੱਸਿਆਵਾਂ ਸਿਰਫ਼ 11.9 ਫੀਸਦੀ ਸਨ।

ਡੀਜੀਸੀਏ ਨੇ ਕਿਹਾ ਕਿ ਰਿਫੰਡ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਸੁਧਾਰ ਹੋਇਆ ਹੈ। ਹਾਲਾਂਕਿ ਦਸੰਬਰ ‘ਚ ਫਲਾਈਟ ਸੰਬੰਧੀ ਸ਼ਿਕਾਇਤਾਂ 39.4 ਫੀਸਦੀ ਤੋਂ ਵਧ ਕੇ 61.8 ਫੀਸਦੀ ਹੋ ਗਈਆਂ ਹਨ। ਇਸ ਦੇ ਨਾਲ ਹੀ ਨਵੰਬਰ ‘ਚ ਰਿਫੰਡ ਨਾਲ ਜੁੜੀਆਂ 14.8 ਫੀਸਦੀ ਸ਼ਿਕਾਇਤਾਂ ਆਈਆਂ, ਜੋ ਦਸੰਬਰ ‘ਚ ਘੱਟ ਕੇ 12.8 ਫੀਸਦੀ ‘ਤੇ ਆ ਗਈਆਂ।

ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵਿਵਹਾਰ ਨਾਲ ਸਬੰਧਤ ਸ਼ਿਕਾਇਤਾਂ ਨਵੰਬਰ ਵਿੱਚ 3 ਫੀਸਦੀ ਤੋਂ ਵਧ ਕੇ ਦਸੰਬਰ ਵਿੱਚ 3.4 ਫੀਸਦੀ ਹੋ ਗਈਆਂ।

ਇਸ ਏਅਰਲਾਈਨ ਖਿਲਾਫ਼ ਦਰਜ ਹੋਈਆਂ ਜ਼ਿਆਦਾ ਸ਼ਿਕਾਇਤਾਂ

ਡੀਜੀਸੀਏ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਸ਼ਿਕਾਇਤਾਂ ਸਪਾਈਸਜੈੱਟ (422) ਨੂੰ ਪ੍ਰਾਪਤ ਹੋਈਆਂ ਹਨ ਇਸ ਤੋਂ ਬਾਅਦ ਏਅਰ ਇੰਡੀਆ (68) ਤੇ ਇੰਡੀਗੋ (65) ਹਨ। ਕੁੱਲ 347 ਸ਼ਿਕਾਇਤਾਂ ਵਿੱਚੋਂ 7 ਸ਼ਿਕਾਇਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਸਟਾਰ ਏਅਰ ਅਤੇ ਅਲਾਇੰਸ ਏਅਰ ਕੋਲ ਤਿੰਨ-ਤਿੰਨ ਸ਼ਿਕਾਇਤਾਂ ਹਨ ਅਤੇ ਏਅਰ ਇੰਡੀਆ ਕੋਲ ਇੱਕ ਸ਼ਿਕਾਇਤ ਪੈਂਡਿੰਗ ਹੈ।