ਨਵੀਂ ਦਿੱਲੀ (ਏਜੰਸੀ) : ਯੂਟਿਲਿਟੀ ਵਹੀਕਲ ਦੀ ਮਜ਼ਬੂਤ ਮੰਗ ਕਾਰਨ ਭਾਰਤ ’ਚ ਯਾਤਰੀ ਵਾਹਨਾ ਦੀ ਥੋਕ ਵਿਕਰੀ 2023 ’ਚ ਪਹਿਲੀ ਵਾਰ ਇਕ ਸਾਲ ’ਚ 40 ਲੱਖ ਦੇ ਅੰਕੜਿਆਂ ਨੂੰ ਪਾਰ ਕਰ ਗਈ। ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮਨੂੰਫੈਕਚਰਜ਼ (ਸਿਆਮ) ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਕੰਪਨੀਆਂ ਤੋਂ ਡੀਲਰਾਂ ਤੱਕ ਕੁੱਲ ਯਾਤਰੀ ਵਾਹਨ 2022 ਕੈਲੰਡਰ ਵਰ੍ਹੇ ਦੇ 37,92,444 ਦੇ ਮੁਕਾਬਲੇ ਪਿਛਲੇ ਸਾਲ ਅੱਠ ਫ਼ੀਸਦੀ ਜ਼ਿਆਦਾ ਵਧ ਕੇ 41,01,600 ਯੂਨਿਟ ਰਹੀ।

ਯੂੁਟਿਲਿਟੀ ਵਾਹਨ ਦੀ ਵਿਕਰੀ ਪਿਛਲੇ ਸਾਲ ਵਧ ਕੇ 23,53,605 ਇਕਾਈ ਹੋ ਗਈ, ਜੋ 2022 ’ਚ 19,22, 805 ਇਕਾਈ ਤੋਂ 22.4 ਫ਼ੀਸਦੀ ਜ਼ਿਆਦਾ ਹੈ। ਇਸੇ ਤਰ੍ਹਾਂ ਵੈਨ ਦੀ ਵਿਕਰੀ 2023 ’ਚ ਵਧ ਕੇ 1,46, 122 ਇਕਾਈ ਹੋ ਗਈ। ਹਾਲਾਂਕਿ ਯਾਤਰੀ ਕਾਰਾਂ ਦੀ ਥੋਕ ਵਿਕਰੀ ਦਾ ਅੰਕੜਾ ਜਿੱਥੇ 2022 ’ਚ 17,37,171 ਯੂਨਿਟ ਸੀ, ਉੁੱਥੇ ਹੀ ਪਿਛਲੇ ਸਾਲ ਇਹ ਅੱਠ ਫ਼ੀਸਦੀ ਘਟ ਕੇ 16,01,873 ਇਕਾਈ ਹੋ ਗਿਆ। ਅਕਤੂਬਰ-ਦਸੰਬਰ ਤਿਮਾਹੀ ’ਚ ਯਾਤਰੀ ਵਾਹਨ ਦੀ ਥੋਕ ਵਿਕਰੀ 10,12,285 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 9, 34, 955 ਇਕਾਈ ਤੋਂ ਅੱਠ ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੋਪਹੀਆ ਵਾਹਨਾਂ ਦੀ ਵਿਕਰੀ ਨੌਂ ਫ਼ੀਸਦੀ ਵਧ ਕੇ 1,70, 75,160 ਇਕਾਈ ਹੋ ਗਈ। ਵਿੱਤੀ ਵਰ੍ਹੇ 2022 ’ਚ ਇਹ ਅੰਕੜਾ 1,56, 47, 973 ਯੂਨਿਟ ਸੀ। ਕਮਰਸ਼ੀਅਲ ਵਾਹਨਾਂ ਦੀ ਥੋਕ ਵਿਕਰੀ ਵਧ ਕੇ 9, 78, 385 ਇਕਾਈ ਹੋ ਗਈ, ਜੋ 2022’ਚ 9,33, 396 ਇਕਾਈ ਸੀ। ਤਿੰਨ ਪਹੀਆ ਵਾਹਨ ਦੀ ਵਿਕਰੀ ਵਧ ਕੇ 6,80,550 ਇਕਾਈ ਹੋ ਗਈ ਜਦਕਿ 2022 ’ਚ ਇਨ੍ਹਾਂ ਦੀ ਵਿਕਰੀ 4,18,510 ਯੂਨਿਟ ਸੀ।

ਸਿਆਮ ਦੇ ਚੇਅਰਮੈਨ ਵਿਨੋਦ ਅਗਰਵਾਲ ਦਾ ਕਹਿਣਾ ਹੈ ਕਿ ਪਿਛਲਾ ਸਾਲ ਆਟੋਮੋਬਾਈਲ ਸੈਕਟਰ ਲਈ ਕਾਫ਼ੀ ਤਸੱਲੀਬਖ਼ਸ਼ ਰਿਹਾ। ਯਾਤਰੀ, ਕਮਰਸ਼ੀਅਲ ਤੇ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਜਿੱਥੇ ਵਾਧਾ ਦਰਜ ਕੀਤਾ ਗਿਆ, ਉੱਥੇ ਹੀ ਤਿੰਨ ਪਹੀਆ ਵਾਹਨਾਂ ਨੇ ਬਹੁਤ ਰਿਕਵਰੀ ਕੀਤੀ ਹੈੇ। ਯੂਟਿਲਿਟੀ ਵਾਹਨ ਦੀ ਵਿਕਰੀ ਯਾਤਰੀ ਵਾਹਨ ਦੀ ਕੁੱਲ ਵਿਕਰੀ ਦਾ 62 ਫ਼ੀਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਵਿਕਾਸ ਦੀ ਇਹ ਰਫ਼ਤਾਰ 2024 ’ਚ ਵੀ ਜਾਰੀ ਰਹੇਗੀ।