ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਦੇ ਇਕ ਨੌਜਵਾਨ ਦੀ ਭੇਤਭਰੇ ਹਾਲਾਤ ‘ਚ ਮੌਤ ਹੋ ਗਈ ਸੀ। ਇਸ ਦੇ ਰੋਸ ਵਜੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਲੜਕੇ ਦੇ ਕਤਲ ਹੋਣ ਦਾ ਸ਼ੱਕ ਪ੍ਰਗਟ ਕਰਦਿਆਂ ਯੂਥ ਏਕਤਾ ਵਾਲਮੀਕਿ ਦਲ ਦੇ ਅਹੁਦੇਦਾਰਾਂ ਅਤੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਸਥਾਨਕ ਤਲਵੰਡੀ ਚੌਕ ਵਿਖੇ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਜੇਪਾਲ ਆਗੂ ਯੂਥ ਏਕਤਾ ਵਾਲਮੀਕਿ ਦਲ, ਮਿ੍ਤਕ ਦੇ ਪਿਤਾ ਸੋਨੂੰ, ਭਰਾ ਆਕਾਸ਼ਦੀਪ ਅਤੇ ਮਾਤਾ ਪਰਵੀਨ ਕੁਮਾਰੀ ਨੇ ਦੋਸ਼ ਲਾਇਆ ਕਿ ਬੀਤੀ 7 ਸਤੰਬਰ ਨੂੰ ਉਨ੍ਹਾਂ ਦੇ ਲੜਕੇ ਰੋਹਿਤ ਦਾ ਕਤਲ ਕਰ ਦਿੱਤਾ ਗਿਆ ਹੈ ਜੋ ਕਿ ਇਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਡੀ ਸ਼ਿਕਾਇਤ ਦੇ ਬਾਵਜੂਦ ਮੁਲਜ਼ਮਾਂ ਦੇ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਹੈ, ਜਿਸ ਕਰ ਕੇ ਮਜਬੂਰਨ ਉਨ੍ਹਾਂ ਨੂੰ ਇਹ ਰੋਸ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਇਸ ਧਰਨੇ ਨੂੰ ਹੋਰ ਲੰਬੇ ਸਮੇਂ ਤਕ ਲਗਾ ਕੇ ਨਿਆਂ ਦੀ ਮੰਗ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਪੰਜਾਬ ਪੁਲਿਸ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਏਕਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਮਾਨ, ਬਿੱਟੂ ਰਾਠੌਰ, ਦਿਨੇਸ਼ ਕੁਮਾਰ, ਬੂਟਾ ਸਿੰਘ, ਪ੍ਰਵੀਨ, ਰਜਤ, ਸੋਮਕਾਂਤ, ਪਰਦੀਪ ਸਿੰਘ, ਰਾਹੁਲ, ਅਵਿਨਾਸ਼, ਨਰਿੰਦਰ, ਊਸ਼ਾ, ਮਿੰਟੂ, ਸਰਪੰਚ ਕਸ਼ਮੀਰ ਸਿੰਘ ਪੰਮਣ, ਸਰਪੰਚ ਆਤਮਾ ਰਾਮ, ਦੇਵਾ ਸਿੰਘ ਬੋਹੜ ਵਾਲਾ, ਰਾਹੁਲ ਨਾਹਰ ਅਤੇ ਵੱਡੀ ਗਿਣਤੀ ‘ਚ ਪਰਿਵਾਰਕ ਮੈਂਬਰ ਹਾਜ਼ਰ ਸਨ।

ਇਸ ਸਬੰਧੀ ਡੀਐੱਸਪੀ ਬਬਨਦੀਪ ਸਿੰਘ, ਐੱਸਐੱਚਓ ਲਖਵਿੰਦਰ ਸਿੰਘ, ਐੱਸਐੱਚਓ ਤਲਵੰਡੀ ਚੌਧਰੀਆਂ ਜਸਪਾਲ ਸਿੰਘ ਆਦਿ ਨੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ, ਜਿਸ ‘ਤੇ ਉਨ੍ਹਾਂ ਰੋਸ ਧਰਨਾ ਇੱਕ ਦਿਨ ਲਈ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਕਿਸੇ ਕੀਮਤ ‘ਤੇ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧ ਵਿਚ ਕਾਲ ਡਿਟੇਲ ਕਢਵਾਈ ਜਾ ਰਹੀ ਹੈ ਅਤੇ ਮਾਮਲੇ ਦੀ ਪੜਤਾਲ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।