ਜਾਗਰਣ ਸੰਵਾਦਦਾਤਾ, ਰਾਂਚੀ : ਜਾਪਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਦਾ ਲਗਾਤਾਰ ਤੀਜਾ ਓਲੰਪਿਕ ਖੇਡਣ ਦਾ ਸੁਪਨਾ ਤੋੜ ਦਿੱਤਾ। ਰਾਂਚੀ ਦੇ ਮਰਾਂਗ ਗੋਮਕੇ ਜੈਪਾਲ ਸਿੰਘ ਮੁੰਡਾ ਹਾਕੀ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਕਾਂਸਾ ਤਗਮਾ ਮੈਚ ਵਿਚ ਜਾਪਾਨ ਨੇ ਭਾਰਤ ਨੂੰ 1-0 ਨਾਲ ਹਰਾ ਕੇ ਓਲੰਪਿਕ ਦਾ ਟਿਕਟ ਪੱਕਾ ਕੀਤਾ। ਟੂਰਨਾਮੈਂਟ ਦੀ ਸਿਖਰ ਤਿੰਨ ਟੀਮਾਂ ਨੂੰ ਪੈਰਿਸ ਓਲੰਪਿਕ ਵਿਚ ਜਗ੍ਹਾ ਮਿਲਣੀ ਸੀ। ਇਥੋਂ ਜਰਮਨੀ, ਅਮਰੀਕਾ ਤੇ ਜਾਪਾਨ ਦੀ ਟੀਮ ਕੁਆਲੀਫਾਈ ਕਰਨ ਵਿਚ ਸਫਲ ਰਹੀ। ਇਸ ਜਿੱਤ ਨਾਲ ਜਾਪਾਨ ਨੇ ਪਿਛਲੇ ਸਾਲ ਨਵੰਬਰ ਵਿਚ ਰਾਂਚੀ ਵਿਚ ਹੋਏ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੇ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਜਾਪਾਨ ਵੱਲੋਂ ਇਕੋ ਇਕ ਗੋਲ ਛੇਵੇਂ ਮਿੰਟ ਵਿਚ ਕਾਨਾ ਉਰਾਤਾ ਨੇ ਦਾਗਿਆ। ਦਿਨ ਦੇ ਹੋਰ ਮੁਕਾਬਲਿਆਂ ਵਿਚ ਨਿਊਜ਼ੀਲੈਂਡ ਨੇ ਇਟਲੀ ਨੂੰ 3-1 ਨਾਲ ਹਰਾ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਚਿਲੀ ਨੇ ਚੇਕ ਗਣਰਾਜ ਨੂੰ 1-0 ਨਾਲ ਹਰਾ ਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ।