ਸਟਾਫ ਰਿਪੋਰਟਰ, ਖੰਨਾ : ਸ਼ੁੱਕਰਵਾਰ ਪੰਜਾਬ ‘ਚ ਪਏ ਮੀਂਹ ਨੇ ਜਿੱਥੇ ਹਵਾ ਪ੍ਰਦੂਸ਼ਣ ‘ਚ ਕਮੀ ਕੀਤੀ ਹੈ, ਉੱਥੇ ਹੀ ਖੰਨਾ ‘ਚ ਵੀ ਅਸਮਾਨੀ ਬਿਜਲੀ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ‘ਚ ਕਈ ਘਰਾਂ ਦੇ ਬਿਜਲਈ ਉਪਕਰਨਾਂ ਨੂੰ ਨੁਕਸਾਨ ਪੁੱਜਾ ਹੈ ਤੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ।
ਇਸ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ, ਉੱਥੇ ਹੀ ਬਿਜਲੀ ਡਿੱਗਣ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਜਸਬੀਰ ਸਿੰਘ ਤੇ ਸ਼ਿਵ ਕੁਮਾਰ ਨੇ ਦੱਸਿਆ ਜਦੋਂ ਉਹ ਘਰ ‘ਚ ਬੈਠੇ ਅਖਬਾਰ ਪੜ੍ਹ ਰਹੇ ਸਨ ਤਾਂ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ, ਜਿਸ ਨਾਲ ਵੱਡਾ ਧਮਾਕਾ ਹੋ ਗਿਆ ਤੇ ਘਰ ‘ਚ ਧੂੰਆਂ ਫੈਲ ਗਿਆ, ਬਿਜਲੀ ਡਿੱਗਣ ਕਾਰਨ ਕਈ ਬਿਜਲੀ ਉਪਕਰਨ ਸੜ ਗਏ।
ਬਿਜਲੀ ਡਿੱਗਣ ਨਾਲ ਕਈ ਘਰਾਂ ਦੀਆਂ ਛੱਤਾਂ ਤੇ ਕੰਧਾਂ ਵੀ ਨੁਕਸਾਨੀਆਂ ਗਈਆਂ। ਘਰਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।


