ਆਈਏਐੱਨਐਸ, ਹੈਦਰਾਬਾਦ : ਤੇਲੰਗਾਨਾ ਦੇ ਜੋਗੁਲੰਬਾ ਗਡਵਾਲ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਨਿੱਜੀ ਬੱਸ ਨੂੰ ਅੱਗ ਲੱਗਣ ਕਾਰਨ ਇੱਕ ਔਰਤ ਜ਼ਿੰਦਾ ਸੜ ਗਈ ਅਤੇ ਚਾਰ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਹ ਘਟਨਾ ਹੈਦਰਾਬਾਦ-ਬੈਂਗਲੁਰੂ ਰਾਸ਼ਟਰੀ ਰਾਜਮਾਰਗ ‘ਤੇ ਏਰਾਵੱਲੀ ਚੌਰਾਹੇ ਨੇੜੇ ਸਵੇਰੇ 2.30 ਵਜੇ ਦੇ ਕਰੀਬ ਵਾਪਰੀ।

ਹੈਦਰਾਬਾਦ ਤੋਂ ਚਿਤੂਰ ਜਾ ਰਹੀ ਇੱਕ ਨਿੱਜੀ ਟਰੈਵਲ ਕੰਪਨੀ ਦੀ ਵੋਲਵੋ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਬੱਸ ਵਿੱਚ 40-50 ਯਾਤਰੀ ਸਵਾਰ ਸਨ। ਜਦੋਂ ਬੱਸ ਨੂੰ ਅੱਗ ਲੱਗ ਗਈ ਤਾਂ ਲਗਭਗ ਸਾਰੇ ਯਾਤਰੀ ਖਿੜਕੀਆਂ ਤੋੜ ਕੇ ਬਾਹਰ ਛਾਲ ਮਾਰ ਗਏ।

ਇਸ ਦੇ ਨਾਲ ਹੀ ਇਕ ਔਰਤ ਅੱਗ ਦੀ ਲਪੇਟ ‘ਚ ਆ ਕੇ ਝੁਲਸ ਗਈ। ਇਸ ਹਾਦਸੇ ਵਿੱਚ ਚਾਰ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਇਨ੍ਹਾਂ ‘ਚੋਂ ਤਿੰਨ ਨੂੰ ਗਡਵਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਚੌਥੇ ਨੂੰ ਹੈਦਰਾਬਾਦ ਭੇਜ ਦਿੱਤਾ ਗਿਆ ਹੈ।

ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਦੱਸ ਦੇਈਏ ਕਿ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।