ਓਟਾਵਾ, ਜਾਗਰਣ ਡਿਜੀਟਲ ਡੈਸਕ : India-Canada Tensions: ਭਾਰਤ ਅਤੇ ਕੈਨੇਡਾ ਦੇ ਸਬੰਧਾਂ ‘ਚ ਇਸ ਸਮੇਂ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਇਹ ਤਣਾਅ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪੈਦਾ ਹੋਇਆ ਹੈ। ਇਸ ਦੌਰਾਨ ਹਿੰਦੂਆਂ ਨੂੰ ਧਮਕੀ ਦੇਣ ਵਾਲੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਇਸ ਵੀਡੀਓ ਦੀ ਕੈਨੇਡਾ ਦੇ ਸੁਰੱਖਿਆ ਮੰਤਰੀ ਡੋਮਿਨਿਕ ਲੇਬਲਾਂਕ ਨੇ ਨਿੰਦਾ ਕੀਤੀ ਹੈ।
ਸਿੱਖਸ ਫਾਰ ਜਸਟਿਸ ਨੇ ਜਾਰੀ ਕੀਤੀ ਵੀਡੀਓ
ਜਾਣਕਾਰੀ ਅਨੁਸਾਰ ਇਹ ਵੀਡੀਓ ਖਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਵੀਡੀਓ ‘ਚ ਭਾਰਤੀ ਮੂਲ ਦੇ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਵੀਡੀਓ ਦੋ ਦਿਨ ਪੁਰਾਣੀ ਦੱਸੀ ਜਾ ਰਹੀ ਹੈ।
‘ਨਫ਼ਰਤ ਤੇ ਧਮਕੀ ਲਈ ਕੈਨੇਡਾ ‘ਚ ਕੋਈ ਥਾਂ ਨਹੀਂ’
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਸਾਰੇ ਕੈਨੇਡੀਅਨ ਆਪਣੇ ਭਾਈਚਾਰਿਆਂ ‘ਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ। ਹਿੰਦੂ ਕੈਨੇਡੀਅਨਸ ਨੂੰ ਨਿਸ਼ਾਨਾ ਬਣਾਉਣ ਵਾਲੀ ਵੀਡੀਓ ਕੈਨੇਡੀਅਨ ਕਦਰਾਂ-ਕੀਮਤਾਂ ਦੇ ਉਲਟ ਹੈ। ਹਮਲੇ, ਨਫ਼ਰਤ, ਡਰਾਉਣ ਜਾਂ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ।
ਕੈਨੇਡਾ ਦੇ ਇਕ ਹੋਰ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਹਿਣਾ ਆਜ਼ਾਦੀ ਤੇ ਦਿਆਲਤਾ ਦੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਨਹੀਂ ਹੈ।
ਵੀਡੀਓ ਜਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ
ਕੈਨੇਡੀਅਨ ਹਿੰਦੂਜ਼ ਫਾਰ ਹਾਰਮੋਨੀ ਸੰਗਠਨ ਨੇ ਵੀਡੀਓ ਜਾਰੀ ਕਰਨ ਵਾਲੇ ਲੋਕਾਂ ਖਿਲਾਫ ਕੈਨੇਡਾ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਦੋਸ਼ੀ ‘ਤੇ ਨਫ਼ਰਤੀ ਅਪਰਾਧ ਦਾ ਦੋਸ਼ ਕਿਉਂ ਨਹੀਂ ਲਗਾ ਰਹੇ।
ਗੁਰਪਤਵੰਤ ਪੰਨੂ ਦੀ ਵੀਡੀਓ ਵਾਇਰਲ
ਦਰਅਸਲ SFJ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਨ੍ਹਾਂ ਕਿਹਾ ਸੀ- ਭਾਰਤੀ ਮੂਲ ਦੇ ਹਿੰਦੂਆਂ ਨੂੰ ਕੈਨੇਡਾ ਛੱਡ ਦੇਣਾ ਚਾਹੀਦਾ ਹੈ। ਤੁਸੀਂ ਇੰਡੀਆ ਜਾਓ। ਤੁਸੀਂ ਨਾ ਸਿਰਫ਼ ਭਾਰਤ ਦਾ ਸਮਰਥਨ ਕਰਦੇ ਹੋ, ਸਗੋਂ ਤੁਸੀਂ ਖਾਲਿਸਤਾਨ ਪੱਖੀ ਸਿੱਖਾਂ ਦੇ ਬੋਲਣ ਤੇ ਪ੍ਰਗਟਾਵੇ ਨੂੰ ਦਬਾਉਣ ਦਾ ਵੀ ਸਮਰਥਨ ਕਰ ਰਹੇ ਹੋ। ਤੁਸੀਂ ਨਿੱਝਰ ਦੇ ਕਤਲ ਦਾ ਜਸ਼ਨ ਮਨਾ ਕੇ ਵੀ ਹਿੰਸਾ ਨੂੰ ਬੜ੍ਹਾਵਾ ਦੇ ਰਹੇ ਹੋ।
ਭਾਰਤ ਵਿੱਚ ਪੰਨੂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ
ਪੰਨੂ ਨੇ 18 ਜੂਨ ਨੂੰ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ। ਉਸ ਨੂੰ ਭਾਰਤ ‘ਚ ਅੱਤਵਾਦੀ ਐਲਾਨਿਆ ਗਿਆ ਹੈ।



