ਓਕਾਂਰ ਸਾਵਨਾ, ਮੰਡੀ ਅਰਨੀਵਾਲਾ : ਭਾਰਤ ਦੇ ਉਭਰਦੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਕਾਮਯਾਬੀ ਪਿੱਛੇ ਸੰਘਰਸ਼ ਭਰੀ ਦਾਸਤਾਨ ਹੈ। ਉਸ ਦੀ ਕਾਮਯਾਬੀ ਵਿਚ ਦਾਦਾ ਦੀਦਾਰ ਸਿੰਘ, ਦਾਦੀ ਗੁਰਮੇਲ ਕੌਰ, ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਕੀਰਤਨ ਕੌਰ ਦਾ ਬਹੁਤ ਵੱਡਾ ਹੱਥ ਹੈ। ਸ਼ੁਭਮਨ ਨੇ ਜੇ ਅੱਜ ਦੁਨੀਆ ਵਿਚ ਸਭ ਤੋਂ ਵਧੀਆ ਬੈਟਸਮੈਨ ਦੇ ਤੌਰ ’ਤੇ ਜਗ੍ਹਾ ਬਣਾਈ ਹੈ ਅਤੇ ਉਸ ਨੂੰ ਜਲਾਲਾਬਾਦ ਦੇ ਇਕ ਛੋਟੇ ਜਿਹੇ ਪਿੰਡ ਤੋਂ ਉਠ ਕੇ ਕਾਮਯਾਬੀ ਦੇ ਝੰਡੇ ਗੱਡਣ ਲਈ ਬਹੁਤ ਮਿਹਨਤ ਕਰਨੀ ਪਈ। ਜਲਾਲਾਬਾਦ ਦੇ ਪਿੰਡ ਜੈਮਲ ਵਾਲਾ ਵਿਚ ਬਚਪਨ ਦੇ ਪੰਜ ਸਾਲ ਗੁਜ਼ਾਰ ਕੇ ਉਸ ਨੇ ਕ੍ਰਿਕਟ ਵਿਚ ਇਥੋਂ ਹੀ ਰੁਚੀ ਦਿਖਾਈ।
ਗਿੱਲ ਢਾਈ ਸਾਲ ਦੀ ਉਮਰ ਤੋਂ ਹੀ ਖੇਡ ਰਿਹਾ ਹੈ ਕ੍ਰਿਕਟ
ਸ਼ੁਭਮਨ ਦੇ ਦਾਦਾ ਦੀਦਾਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਖੇਡਾਂ ਨਾਲ ਪਿਆਰ ਰਿਹਾ ਹੈ। ਉਸ ਦਾ ਦਾਦਾ ਖੁਦ ਕੁਸ਼ਤੀ, ਗੋਲਾ ਸੁੱਟਣ ਅਤੇ ਕਬੱਡੀ ਖੇਡਦਾ ਰਿਹਾ ਹੈ। ਸ਼ੁਭਮਨ ਦੇ ਦਾਦਾ ਦੀਦਾਰ ਸਿੰਘ ਨੇ ਸ਼ੁਭਮਨ ਲਈ ਪਹਿਲਾ ਬੈਟ ਕਿੱਕਰ ਦੀ ਲੱਕੜੀ ਦਾ ਮਿਸਤਰੀ ਕੋਲ ਉਸ ਦੀਆਂ ਬਾਹਾਂ ਅਤੇ ਗੋਡਿਆਂ ਦੇ ਸਾਈਜ਼ ਨੂੰ ਧਿਆਨ ਵਿਚ ਰੱਖ ਕੇ ਬਣਾਇਆ। ਸ਼ੁਭਮਨ ਢਾਈ ਸਾਲ ਦੀ ਉਮਰ ਵਿਚ ਹੀ ਬੈਟ ਚੁੱਕ ਕੇ ਖੇਡਣ ਲੱਗ ਪਿਆ। ਉਸ ਦੀ ਪੜਦਾਦੀ ਜੋ ਬਜ਼ੁਰਗ ਸੀ, ਉਸ ਨੇ ਕੁਰਸੀ ’ਤੇ ਬੈਠੀ ਨੇ ਬਾਲ ਸੁੱਟੀ ਜਾਣੀ ਅਤੇ ਸ਼ੁਭਮਨ ਨੇ ਬੈਟ ਨਾਲ ਖੇਡੀ ਜਾਣਾ। ਸ਼ੁਭਮਨ ਨੂੰ ਪੜ੍ਹਾਈ ਲਈ ਜਲਾਲਾਬਾਦ ਭੇਜ ਦਿੱਤਾ ਗਿਆ, ਜਿਥੇ ਉਸ ਦੇ ਸਕੂਲ ਅਧਿਆਪਕਾਂ ਨੇ ਉਸ ਦੀ ਖੇਡ ਪ੍ਰਤੀ ਲਗਨ ਨੂੰ ਦੇਖ ਕੇ ਉਸ ਦੇ ਪਿਤਾ ਲਖਵਿੰਦਰ ਸਿੰਘ ਨੂੰ ਕਿਹਾ ਕਿ ਸ਼ੁਭਮਨ ਨੂੰ ਟੇ੍ਰਨਿੰਗ ਲਈ ਮੁਹਾਲੀ, ਚੰਡੀਗੜ੍ਹ ਲਿਜਾਉ।
ਪੜ੍ਹਾਈ ਦੇ ਨਾਲ-ਨਾਲ ਕ੍ਰਿਕਟ ਦੀ ਲਈ ਸਿਖਲਾਈ
ਸ਼ੁਭਮਨ ਦੇ ਦਾਦਾ ਅਨੁਸਾਰ ਉਸ ਨੇ ਆਪਣੇ ਪੁੱਤਰ ਲਖਵਿੰਦਰ ਸਿੰਘ ਨੂੰ ਕਿਹਾ ਕਿ ਉਹ ਪਿੰਡ ਰਹਿ ਕੇ ਖੇਤੀਬਾੜੀ ਕਰ ਲਵੇਗਾ। ਸ਼ੁਭਮਨ ਲਈ ਚੰਡੀਗੜ੍ਹ ਤੋਂ ਵਧੀਆ ਟੇ੍ਰਨਿੰਗ ਦਾ ਪ੍ਰਬੰਧ ਕਰੋ। ਪਰਿਵਾਰ ਨੇ ਇਥੇ ਪਹਿਲਾ ਕਿਰਾਏ ਦਾ ਮਕਾਨ ਲਿਆ। ਜਿਥੇ ਸ਼ੁਭਮਨ ਨੂੰ ਪੜ੍ਹਾਈ ਦੇ ਨਾਲ-ਨਾਲ ਕ੍ਰਿਕਟ ਦੀ ਟੇ੍ਰਨਿੰਗ ਵੀ ਦਿਵਾਈ। ਸ਼ੁਭਮਨ ਦਾ ਪਿਤਾ ਲਖਵਿੰਦਰ ਸ਼ੁਭਮਨ ਨੂੰ ਗਰਾਊਂਡ ਵਿਚ ਲੈ ਜਾਂਦਾ ਅਤੇ ਸ਼ੁਭਮਨ ਨੂੰ ਕ੍ਰਿਕਟ ਦੀ ਪ੍ਰੈਕਟਿਸ ਕਰਵਾਉਂਦਾ। ਸ਼ੁਭਮਨ ਦਾ ਦਾਦਾ ਕ੍ਰਿਕਟ ਪੇ੍ਰਮੀਆਂ ਦਾ ਬੜਾ ਰਿਣੀ ਹੈ, ਜੋ ਸ਼ੁਭਮਨ ਨੂੰ ਪਸੰਦ ਕਰਦੇ ਹਨ। ਸ਼ੁਭਮਨ ਨੂੰ ਪਿੱਛੇ ਜਿਹੇ ਟਰੋਲ ਹੋਣ ’ਤੇ ਦਾਦਾ ਦੀਦਾਰ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਨਾਲ ਈਰਖਾ ਨਹੀਂ ਰੱਖਦੇ। ਖੇਡ ਪਿਆਰ ਵਧਾਉਂਦੀ ਹੈ। ਸ਼ੁਭਮਨ ਦੇ ਵਿਆਹ ਦੀ ਚਰਚਾ ਸਚਿਨ ਦੀ ਬੇਟੀ ਨਾਲ ਹੋਣ ਬਾਰੇ ਉਨ੍ਹਾਂ ਇਸ ਨੂੰ ਸਿਰਫ ਅਫਵਾਹ ਦੱਸਿਆ। ਸ਼ੁਭਮਨ ਦਾ ਦਾਦਾ ਦੱਸਦਾ ਹੈ ਕਿ ਪਿੰਡ ਦੇ ਛੋਟੇ ਬੱਚੇ ਕਈ ਵਾਰ ਉਸ ਕੋਲ ਆ ਕੇ ਦੱਸਦੇ ਹਨ ਕਿ ਸ਼ੁਭਮਨ ਅੱਜ ਇੰਜ ਖੇਡਿਆ ਹੈ। ਸ਼ੁਭਮਨ ਦੀ ਦਾਦੀ ਗੁਰਮੇਲ ਕੌਰ ਮੁਤਾਬਿਕ ਸ਼ੁਭਮਨ ਨੂੰ ਗੁੜ੍ਹ ਵਾਲੀ ਚੂਰੀ ਬਹੁਤ ਪਸੰਦ ਹੈ। ਜਦ ਵੀ ਉਹ ਪਿੰਡ ਆਉਂਦਾ ਹੈ ਤਾਂ ਦਾਦੀ ਕੋਲੋਂ ਚੂਰੀ ਦੀ ਮੰਗ ਕਰਦਾ ਹੈ। ਦਾਦੀ ਸ਼ੁਭਮਨ ਨੂੰ ਮਿਲਣ ਲਈ ਅਕਸਰ ਕਹਿੰਦੀ ਰਹਿੰਦੀ ਹੈ, ਪਰ ਉਹ ਬਿਜ਼ੀ ਹੋਣ ਕਰ ਕੇ ਮਿਲ ਨਹੀਂ ਪਾੳਂੁਦਾ। ਸ਼ੁਭਮਨ ਸਾਲ ਪਹਿਲਾ ਕਿਸੇ ਐਡਵਰਟਾਈਜ਼ਮੈਂਟ ਲਈ ਚੰਡੀਗੜ੍ਹ ਆਇਆ ਸੀ। ਉਸ ਨੇ ਦਾਦਾ-ਦਾਦੀ ਨੂੰ ਚਡੀਗੜ੍ਹ ਸੱਦ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।


