ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਚੱਲ ਰਹੀ ਕਲੈਰਿਕਲ ਕਾਮਿਆਂ ਦੀ ਹੜਤਾਲ ਦੀ ਡਟਵੀਂ ਹਮਾਇਤ ਕੀਤੀ ਗਈ ਹੈ। ਬਲਾਕ ਪ੍ਰਧਾਨ ਸਤਵੰਤ ਸਿੰਘ ਕੰਬੋਜ ਤੇ ਜ਼ਿਲ੍ਹਾ ਪ੍ਰਧਾਨ ਕੁਲਪ੍ਰਰੀਤ ਸਿੰਘ ਨੇ ਦੱਸਿਆ ਮਨਿਸਟ੍ਰੀਅਲ ਕਾਮਿਆਂ ਵੱਲੋਂ 20 ਨਵੰਬਰ ਤਕ ਕਲਮ ਛੋੜ ਹੜਤਾਲ ਕੀਤੀ ਗਈ ਹੈ ਕਿਉਂਕਿ ਕਰਮਚਾਰੀਆਂ ਦੀਆਂ ਸਾਂਝੀਆਂ ਮੰਗਾਂ ਸਮੇਤ ਬਹੁਤ ਸਾਰੀਆਂ ਮੰਗਾਂ ਚਿਰਾਂ ਤੋਂ ਲਟਕ ਰਹੀਆਂ ਹਨ ਪਰ ਸੂਬਾ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਹੈ, ਜਿਸ ਕਾਰਨ ਸੂਬੇ ਭਰ ਦੇ ਮੁਲਾਜ਼ਮਾਂ ‘ਚ ਰੋਸ ਪਾਇਆ ਜਾ ਰਿਹਾ ਹੈ।

ਡਾ. ਅਰਸ਼ਦੀਪ ਸਿੰਘ ਵਿਰਕ ਦੱਸਿਆ ਮੁਲਾਜ਼ਮ ਇੱਕ ਮੰਚ ‘ਤੇ ਇਕੱਠੇ ਹੋ ਕੇ ਵੱਡੇ ਸੰਘਰਸ਼ ਦੀ ਤਿਆਰੀ ‘ਚ ਹਨ। ਬਲਾਕ ਸਕੱਤਰ ਮਨਮੋਹਣ ਸਿੰਘ (ਇੰਸਪੈਕਟਰ) ਨੇ ਕਿਹਾ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਮੁਲਾਜ਼ਮਾਂ ਦੇ ਨਾਲ ਟੇਬਲ ‘ਤੇ ਬੈਠ ਕੇ ਗੱਲ ਕਰਨ ਤੋਂ ਵੀ ਭੱਜ ਰਹੀ ਹੈ ਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਮਜਬੂਰਨ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ।

ਅੱਜ ਹੱਕੀ ਮੰਗਾਂ ਲਈ ਡਾ. ਅਰਸ਼ਦੀਪ ਸਿੰਘ ਦੀ ਅਗਵਾਈ ‘ਚ ਗੇਟ ਰੈਲੀ ਕੀਤੀ ਗਈ ਜਿਸ ‘ਚ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਡਾ. ਅਰਸ਼ਦੀਪ ਸਿੰਘ ਵਿਰਕ, ਡਾ. ਸ਼ਿਵਮ ਦੱਤ, ਸੁਪਰਵਾਈਜ਼ਰ ਮਨਮੋਹਣ ਸਿੰਘ, ਪਰਮਵੀਰ ਸਿੰਘ, ਜੂਨੀਅਰ ਅਸਿਸਟੈਂਟ ਕਸ਼ਮੀਰ ਸਿੰਘ, ਬਬਦੀਪ ਕੌਰ, ਸੀਨੀਅਰ ਅਸਿਸਟੈਂਟ ਮਲਕੀਤ ਸਿੰਘ, ਕੁਲਵੀਰ ਕੌਰ (ਏਐੱਨਐੱਮ), ਕਿਰਨ ਬਾਲਾ (ਐੱਲਐੱਚਵੀ), ਜਗਦੀਪ ਸਿੰਘ (ਐੱਮਐੱਲਟੀ), ਗੁਰਪ੍ਰਰੀਤ ਕੌਰ (ਕੈਸ਼ੀਅਰ) ਜਗੀਰ ਸਿੰਘ ਫਾਰਮਾਸਿਸਟ, ਸਰਬਜੀਤ ਸਿੰਘ, ਬਿਕਰਮ ਸਿੰਘ ਫਾਰਮਾਸਿਸਟ ਆਦਿ ਹਾਜ਼ਰ ਸਨ।