ਸੰਜੀਵ ਗੁਪਤਾ, ਜਗਰਾਓਂ : ਪੰਜਾਬ ਭਰ ’ਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸੜਕਾਂ ’ਤੇ ਉਤਰੀ ਪੰਜਾਬ ਪੁਲਿਸ ਨੇ 891 ਮੁਕੱਦਮੇ ਦਰਜ ਕੀਤੇ। ਇਹ ਖੁਲਾਸਾ ਅੱਜ ਜਗਰਾਓਂ ਪੁੱਜੇ ਪੰਜਾਬ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਐੱਸਐੱਸਪੀ ਦਫ਼ਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਵਿਚ ਕੀਤਾ।

ਏਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੁਪਰੀਮ ਕੋਰਟ ਦੇ 100 ਫੀਸਦੀ ਪਰਾਲੀ ਨੂੰ ਅੱਗ ਲਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾ ਬਨਣ ਲਈ 24 ਘੰਟੇ ਪਹਿਰਾ ਦੇ ਰਹੀ ਹੈ। ਜਿਸ ਦੀ ਬਦੌਲਤ ਜੇ ਕੱਲ੍ਹ ਦੇ ਮੁਕਾਬਲੇ ਅੱਜ ਦੀ ਗੱਲ ਕਰੀਏ ਤਾਂ 24 ਘੰਟਿਆਂ ਵਿਚ ਹੀ 30 ਫੀਸਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ ਕਮੀ ਆਈ ਹੈ। ਇਸ ਨੂੰ 100 ਪ੍ਰਤੀਸ਼ਤ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਦੀਆਂ 1072 ਟੀਮਾਂ ਗਸ਼ਤ ਕਰ ਰਹੀਆਂ ਹਨ।

ਸਬ ਡਵੀਜ਼ਨ ਲੈਵਲ ਦੀਆਂ ਇਹ ਫਲਾਇੰਗ ਸੁਕੈਰਡ ਟੀਮਾਂ ਜਿਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਉਥੇ ਇਸ ਦੇ ਬਾਵਜੂਦ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ। ਜਿਸ ਦੇ ਚੱਲਦਿਆਂ ਹੁਣ ਤਕ 891 ਮੁਕੱਦਮੇ ਦਰਜ ਕਰਨ ਤੋਂ ਇਲਾਵਾ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਵਾਲਿਆਂ 7310 ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਰਾਸ਼ੀ ਇੱਕ ਕਰੋੜ 52 ਲੱਖ 20 ਹਜਾਰ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਹਰ ਇੱਕ ਹਲਕੇ ਵਿਚ ਐੱਸਐੱਸਪੀ,ਐੱਸਪੀ, ਡੀਐੱਸਪੀ, ਥਾਣੇ ਅਤੇ ਚੌਂਕੀ ਮੁਖੀ ਪਿੰਡ ਪਿੰਡ ਕਿਸਾਨਾਂ ਨੂੰ ਅੱਗ ਨਾ ਲਾਉਣ ਅਤੇ ਅੱਗ ਲਾਉਣ ਨਾਲ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਨੁੱਕੜ ਮੀਟਿੰਗਾਂ, ਸੈਮੀਨਾਰ ਅਤੇ ਇਕੱਠਾਂ ਨੂੰ ਸੰਬੋਧਨ ਕਰ ਰਹੀ ਹੈ।

ਉਨ੍ਹਾਂ ਮੰਨਿਆ ਕਿ ਕਿਸਾਨਾਂ ਦੀ ਵੀ ਇਸ ਮੁੱਦੇ ’ਤੇ ਕਈ ਸਮੱਸਿਆਵਾਂ ਹੋਣਗੀਆਂ ਪਰ ਪਰਾਲੀ ਨੂੰ ਅੱਗ ਲਾਉਣਾ ਕੋਈ ਹੱਲ ਨਹੀਂ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਜਿਥੇ ਪ੍ਰਦੂਸ਼ਣ ਲੈਵਲ ਖ਼ਤਰਨਾਕ ਸਥਿਤੀ ’ਤੇ ਪਹੁੰਚ ਜਾਂਦਾ ਹੈ, ਉਥੇ ਜ਼ਮੀਨ ਦੀ ਗੁਣਵਤਾ ਵੀ ਘੱਟਦੀ ਹੈ। ਇਸ ਤੋਂ ਇਲਾਵਾ ਮਨੁੱਖ ਲਈ ਸਾਹ ਲੈਣ ਵਿਚ ਦਿੱਕਤ, ਕਈ ਬਿਮਾਰੀਆਂ ਦੇ ਝਮੇਲੇ ’ਚ ਫਸਣਾ ਅਤੇ ਧੂੰਏਂ ਕਾਰਨ ਹੁੰਦੇ ਸੜਕੀ ਹਾਦਸੇ ਕਈ ਕੀਮਤੀ ਜ਼ਿੰਦਗੀਆਂ ਲੀਲ ਰਹੇ ਹਨ। ਇਸ ਮੌਕੇ ਐੱਸਐੱਸਪੀ ਨਵਨੀਤ ਸਿੰਘ ਬੈਂਸ, ਐੱਸਪੀ ਮਨਵਿੰਦਰਵੀਰ ਸਿੰਘ, ਡੀਐੱਸਪੀ ਸਤਵਿੰਦਰ ਸਿੰਘ ਵਿਰਕ ਆਦਿ ਹਾਜ਼ਰ ਸਨ।