ਨਵੀਂ ਦਿੱਲੀ (ਏਜੰਸੀ) : ਸਾਰੇ ਪੈਕੇਟ ਉਤਪਾਦਾਂ ’ਤੇ ਨਿਰਮਾਣ ਤਰੀਕ ਤੇ ਪ੍ਰਤੀ ਇਕਾਈ ਵਿਕਰੀ ਮੁੱਲ ਇਕ ਜਨਵਰੀ ਤੋ ਲਿਖਣਾ ਲਾਜ਼ਮੀ ਹੋ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀਆਂ ਨੂੰ ਡੱਬਾ ਬੰਦ ਉਤਪਾਦਾਂ ’ਤੇ ਨਿਰਮਾਣ ਤਰੀਕ ਤੇ ਦਰਾਮਦ ਦੀ ਤਰੀਕ ਜਾਂ ਪੈਕੇਜਿੰਗ ਦੀ ਤਰੀਕ ਛਾਪਣ ਦਾ ਬਦਲ ਦਿੱਤਾ ਗਿਆ ਸੀ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਤਾਜ਼ਾ ਨੋਟੀਫਿਕੇਸ਼ਨ ਮੁਤਾਬਕ ਹੁਣ ਕੰਪਨੀਆਂ ਲਈ ਸਿਰਫ਼ ਪ੍ਰਤੀ ਇਕਾਈ ਵਿਕਰੀ ਮੁੱਲ ਨਾਲ ਸਿਰਫ਼ ਨਿਰਮਾਣ ਤਰੀਕ ਛਾਪਣਾ ਲਾਜ਼ਮੀ ਕੀਤਾ ਗਿਆ ਹੈ। ਪੈਕੇਟ ਬੰਦ ਸਾਮਾਨ ਦੀ ਵਿਕਰੀ ਵੱਖ-ਵੱਖ ਮਾਤਰਾਵਾਂ ’ਚ ਕੀਤੀ ਜਾਂਦੀ ਹੈ, ਅਜਿਹੇ ’ਚ ਮਹੱਤਵਪੂਰਨ ਹੈ ਕਿ ਖਪਤਕਾਰ ਡੱਬਾ ਬੰਦ ਸਾਮਾਨ ਦੀ ਪ੍ਰਤੀ ਇਕਾਈ ਵਿਕਰੀ ਕੀਮਤ ਤੋਂ ਜਾਣੂ ਹੋਣ ਤਾਂ ਜੋ ਉਹ ਸਾਰੀ ਜਾਣਕਾਰੀ ਨਾਲ ਸੋਚ -ਵਿਚਾਰ ਕੇ ਚੀਜ਼ ਖ਼ਰੀਦ ਸਕੇ। ਨਿਰਮਾਣ ਤਰੀਕ ਛਾਪਣ ਨਾਲ ਖਪਤਕਾਰਾਂ ਨੂੰ ਇਹ ਜਾਣਨ ’ਚ ਮਦਦ ਮਿਲੇਗੀ ਕਿ ਪੈਕ ਕੀਤੀ ਗਈ ਚੀਜ਼ ਕਿੰਨੀ ਪੁਰਾਣੀ ਹੈ। ਇਸ ਨਾਲ ਉਹ ਸੋਚ-ਵਿਚਾਰ ਕੇ ਖ਼ਰੀਦਦਾਰੀ ਦਾ ਫ਼ੈਸਲਾ ਕਰ ਸਕਣਗੇ।

ਬਫਰ ਸਟਾਕ ਲਈ ਖ਼ਰੀਦਿਆ 25 ਹਜ਼ਾਰ ਟਨ ਪਿਆਜ਼

ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਸਰਕਾਰ ਨੇ 2023 ਦੇ ਸਾਉਣੀ ਸੀਜ਼ਨ ’ਚ ਹੁਣ ਤੱਕ ਬਫਰ ਸਟਾਕ ਲਈ 25 ਹਜ਼ਾਰ ਟਨ ਪਿਆਜ਼ ਦੀ ਖ਼ਰੀਦਦਾਰੀ ਕਰ ਲਈ ਹੈ। ਪਿਛਲੇ ਸਾਲ ਹਾੜੀ ਸੀਜ਼ਨ ’ਚ ਪੰਜ ਲੱਖ ਟਨ ਪਿਆਜ਼ ਦੀ ਖ਼ਰੀਦਦਾਰੀ ਕੀਤੀ ਗਈ ਸੀ। ਹੁਣ ਸਰਕਾਰ ਨੇ ਬਫਰ ਸਟਾਕ ਦੀ ਹੱਦ ਨੂੰ ਦੋ ਲੱਖ ਟਨ ਹੋਰ ਵਧਾ ਕੇ ਸੱਤ ਲੱਖ ਟਨ ਕਰ ਦਿੱਤਾ ਹੈ।