ਨਵੀਂ ਦਿੱਲੀ/ਮੁੰਬਈ : ਇਕ ਵੱਡੀ ਖਬਰ ਮੁਤਾਬਕ ਮੁੰਬਈ ਪੁਲਿਸ ਨੇ ਆਖਰਕਾਰ ਦੇਸ਼ ਦੇ ਸਭ ਤੋਂ ਪੁਰਾਣੇ ਸਨਅਤਕਾਰ ਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਲੱਭ ਲਿਆ ਹੈ।
ਦੱਸ ਦੇਈਏ ਕਿ ਉਕਤ ਦੋਸ਼ੀ ਨੇ ਮੁੰਬਈ ਪੁਲਿਸ ਨੂੰ ਫੋਨ ਕਰ ਕੇ ਧਮਕੀ ਦਿੱਤੀ ਸੀ ਕਿ ਰਤਨ ਟਾਟਾ ਦੀ ਹਾਲਤ ਜਲਦ ਹੀ ‘ਸਾਈਰਸ ਮਿਸਤਰੀ’ ਵਰਗੀ ਹੋ ਜਾਵੇਗੀ। ਮੁੰਬਈ ਪੁਲਿਸ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੂੰ ਸਿਜ਼ੋਫਰੇਨੀਆ ਨਾਂ ਦੀ ਬਿਮਾਰੀ ਹੋਣ ਦਾ ਪਤਾ ਲੱਗਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਬਾਅਦ ਰਤਨ ਟਾਟਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਕਾਲ ਕਰਨ ਵਾਲੇ ਵਿਅਕਤੀ ਦੀ ਭਾਲ ਲਈ ਟੀਮ ਤਾਇਨਾਤ ਕੀਤੀ ਗਈ। ਬਾਅਦ ‘ਚ ਕਾਲ ਦੀ ਲੋਕੇਸ਼ਨ ਟਰੇਸ ਕਰਨ ਤੋਂ ਬਾਅਦ ਮੁਲਜ਼ਮ ਨੂੰ ਕਰਨਾਟਕ ਤੋਂ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।
ਪੁਲਿਸ ਨੇ ਦੱਸਿਆ ਕਿ ਉਕਤ ਫੋਨ ਕਰਨ ਵਾਲਾ ਮਾਨਸਿਕ ਤੌਰ ‘ਤੇ ਬਿਮਾਰ ਹੈ, ਜਿਸ ਕਾਰਨ ਉਸ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਸਨੇ ਫਾਈਨਾਂਸ ‘ਚ ਐਮਬੀਏ ਵੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕੀਤੀ ਹੈ। ਕਾਲਰ ਨੇ ਉਕਤ ਕਾਲ ਦੋ ਦਿਨ ਪਹਿਲਾਂ ਕੀਤੀ ਸੀ।



