ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ

ਸਰਹੱਦੀ ਪਿੰਡਾਂ ਵਿੱਚ ਨਸ਼ਿਆਂ ਦਾ ਬੋਲਬਾਲਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ ਵਿੱਚ ਆਈ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਪਹਿਲ ਕਦਮੀ ਕਰਦਿਆਂ ਹੋਇਆਂ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨਾਲ ਲਗਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਪਿੰਡ ਦੀ ਮੋਹਤਬਰਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਹੋਇਆਂ ਐਲਾਨ ਕੀਤਾ ਕਿ ਉਹ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਫੜਾਉਣ ਲਈ ਪੁਲਿਸ ਦਾ ਸਹਿਯੋਗ ਕਰਨਗੇ। ਉਨਾਂ੍ਹ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਡੇਰਾ ਬਾਬਾ ਨਾਨਕ ਨਾਲ ਲਗਦੇ ਪਿੰਡਾਂ ਤੋਂ ਇਲਾਵਾ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਨੌਜਵਾਨ ਵੀ ਨਸ਼ੇ ਦੀ ਦਲਦਲ ਵਿੱਚ ਫੱਸ ਚੁੱਕੇ ਹਨ ਅਤੇ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਨੌਜਵਾਨ ਨਸ਼ੇ ਵੀ ਵੇਚ ਰਹੇ ਹਨ। ਜਿਨਾਂ੍ਹ ਤੋਂ ਬਾਹਰਲੇ ਪਿੰਡਾਂ ਦੇ ਨੌਜਵਾਨ ਨਸ਼ਾ ਲੈਣ ਲਈ ਆਉਂਦੇ ਹਨ। ਇਸ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਸ਼ੁੱਕਰਵਾਰ ਨੂੰ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਨਸ਼ਾ ਮੁਕਤੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਉਨਾਂ੍ਹ ਮਤਾ ਪਾਸ ਕੀਤਾ ਕੇ ਪਿੰਡ ਵਿਚ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਦਿੱਤਾ ਜਾਵੇਗਾ ਅਤੇ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਕਮੇਟੀ ਉਹਨਾਂ ਦਾ ਇਲਾਜ਼ ਕਰਵਾਏਗੀ। ਕਮੇਟੀ ਦਾ ਗਠਨ ਹੋਣ ਉਪਰੰਤ ਨਸ਼ਾ ਮੁਕਤੀ ਕਮੇਟੀ ਦਾ ਵਫ਼ਦ ਡੀਐੱਸਪੀ ਡੇਰਾ ਬਾਬਾ ਨਾਨਕ ਅਤੇ ਮੁਖੀ ਡੇਰਾ ਬਾਬਾ ਨਾਨਕ ਨੂੰ ਮਿਲਿਆ। ਨਸ਼ਾ ਮੁਕਤੀ ਕਮੇਟੀ ਦੇ ਅਹੁਦੇਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤੀ ਕੀਤੀ ਜਾਵੇ। ਉਹਨਾਂ ਪੁਲਿਸ ਨੂੰ ਵਿਸ਼ਵਾਸ਼ ਦਵਾਇਆ ਕਿ ਜੇਕਰ ਪਿੰਡ ਦਾ ਕੋਈ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਕੋਈ ਵੀ ਪਿੰਡ ਦਾ ਮੋਹਤਬਰ ਛਡਾਉਣ ਲਈ ਜ਼ਮਾਨਤ ਨਹੀਂ ਦੇਵੇਗਾ ਅਤੇ ਜੇਕਰ ਕੋਈ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਦੇਵੇਗਾ ਪਿੰਡ ਵਾਸੀਆਂ ਵੱਲੋਂ ਉਸ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਇਸ ਨਸ਼ਾ ਮੁਕਤੀ ਕਮੇਟੀ ਵਿਚ ਗੁਰਨਾਮ ਸਿੰਘ, ਅਮਰਜੀਤ ਸਿੰਘ, ਧੰਨਰਾਜ ਸਿੰਘ ਬਾਜਵਾ, ਸਤਨਾਮ ਸਿੰਘ ਬਾਜਵਾ, ਦਿਲਬਾਗ ਸਿੰਘ, ਰਣਜੀਤ ਸਿੰਘ, ਜੋਗਰਾਜ ਸਿੰਘ, ਅਮਰਜੀਤ ਸਿੰਘ ਸੈਕਟਰੀ, ਦਲਜੀਤ ਸਿੰਘ ਬਾਜਵਾ, ਹਰਦੇਵ ਸਿੰਘ ਫੌਜੀ ਰਿੰਕੂ, ਹਰਪ੍ਰਰੀਤ ਸਿੰਘ, ਵਿਸਾਖਾ ਸਿੰਘ, ਹਰਪ੍ਰਰੀਤ ਸਿੰਘ, ਦਰਸ਼ਨ ਸਿੰਘ ,ਹਰਪਾਲ ਸਿੰਘ, ਬਲਵਿੰਦਰ ਸਿੰਘ, ਗੁਰਮੇਸ਼ ਸਿੰਘ, ਦਲੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਤੇ ਸਮੁੱਚੇ ਪਿੰਡ ਦੇ ਮੋਹਤਬਰ ਵੀ ਹਾਜ਼ਰ ਸਨ।