ਮਤਲਬ ਕਿ ‘ਦੇਸ਼ ਭਗਤ’ ਅਖਵਾਉਣ ਲਈ ਹਰ ਭਾਰਤੀ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਗੰਦੀ ਤੋਂ ਗੰਦੀ ਗਾਲ ਜ਼ਰੂਰ ਕੱਢੇ!
ਜਦੋਂ ਦਾ ਭਾਜਪਾ ਨੂੰ ਜਨਤਾ ਦਾ ਭਾਰੀ ਸਮਰਥਨ ਮਿਲਿਆ ਹੈ, ਉਨ੍ਹਾਂ ਨੇ ਅਪਣਾ ਹੱਕ ਸਮਝ ਲਿਆ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਦੀ ਨਿਜੀ ਆਜ਼ਾਦੀ, ਸੌੜੇ ਤੇ ਕੱਟੜਵਾਦੀ ਰਾਸ਼ਟਰਵਾਦ ਦੇ ਅਧੀਨ ਕਰ ਦੇਣ। ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਰਥਨ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਮਿਲਿਆ ਸੀ ਨਾ ਕਿ ਨਫ਼ਰਤ ਦੀ ਸਿਆਸਤ ਵਾਸਤੇ। ਭਾਜਪਾ ਦੇ ਆਉਣ ਮਗਰੋਂ ਸ਼ਾਇਦ ਕੋਈ ਇਕ ਵੀ ਆਰਥਕ ਨੀਤੀ ਅਜਿਹੀ ਨਹੀਂ ਆਈ ਜਿਸ ਦਾ ਜਨਮ ਕਾਂਗਰਸ ਦੇ ਵੇਲੇ ਨਾ ਹੋਇਆ ਹੋਵੇ, ਸਿਵਾਏ ਪ੍ਰਚਾਰ ਮੁਹਿੰਮ ਦੇ। ਹੁਣ ਇਸ ਨਫ਼ਰਤ ਦੀ ਸਿਆਸਤ ਦੇ ਰਖਵਾਲੇ ਇਹ ਵੀ ਦਾਅਵੇ ਕਰ ਰਹੇ ਹਨ ਕਿ ਜੇ ਕੋਈ ਇਨਸਾਨ ਪਾਕਿਸਤਾਨ ਨੂੰ ਨਰਕ ਨਾ ਆਖੇ, ਜਿਵੇਂ ਕਾਂਗਰਸ ਦੀ ਆਗੂ ਰਾਮਯਾ ਨੇ ਕੀਤਾ, ਤਾਂ ਉਹ ਦੇਸ਼ਧ੍ਰੋਹੀ ਹੈ। ਜੰਗਾਂ ਸ਼ੁਰੂ ਕਰਨੀਆਂ ਬਹੁਤ ਸੌਖੀਆਂ ਹਨ। ਨਫ਼ਰਤ ਦੀ ਬਿਆਨਬਾਜ਼ੀ ਦਾ ਅਸਰ ਅਸੀ ਵੇਖ ਰਹੇ ਹਾਂ। ਕਸ਼ਮੀਰ, ਭਾਰਤ ਨਾਲੋਂ ਮਾਨਸਿਕ ਸਾਂਝ, ਤੇਜ਼ੀ ਨਾਲ ਤੋੜ ਰਿਹਾ ਹੈ, ਪਾਕਿਸਤਾਨ ਜੰਗ ਦੀਆਂ ਗੱਲਾਂ ਕਰ ਰਿਹਾ ਹੈ ਤੇ ਭਾਜਪਾ ਦੇ ਅਪਣੇ ਵਰਕਰ ਗਊ ਰਕਸ਼ਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਚੁੱਕੇ ਹਨ। ਫ਼ੌਜੀ ਰੋਜ਼ ਇਸ ਨਫ਼ਰਤ ਦੀ ਸਿਆਸਤ ਕਾਰਨ ਹੀ ਸ਼ਹਾਦਤਾਂ ਪਾ ਰਹੇ ਹਨ ਪਰ ਭਾਜਪਾ ਅਪਣੀਆਂ ਨੀਤੀਆਂ ਵਿਚ ਕੋਈ ਸੁਧਾਰ ਨਹੀਂ ਲਿਆ ਰਹੀ ਕਿਉਂਕਿ ਉਨ੍ਹਾਂ ਦੀਆਂ ਨੀਹਾਂ ਹੀ ਨਫ਼ਰਤ ਉਤੇ ਉਸਰੀਆਂ ਹੋਈਆਂ ਹਨ। ਇਹ ਨਾ ਹੋਵੇ ਕਿ ਉਹ ਸਾਰੇ ਭਾਰਤ ਦੀਆਂ ਨੀਹਾਂ ਵਿਚ ਨਫ਼ਰਤ ਦਾਖ਼ਲ ਕਰ ਕੇ ਇਸ ਦੇਸ਼ ਨੂੰ ਮੁੜ ਪੁਰਾਤਨ ਕਾਲ ਵਿਚ ਪਹੁੰਚਾ ਦੇਣ ਜਿਥੇ ਹਰ ਚੌਥੇ ਦਿਨ, ਕੋਈ ਵਿਦੇਸ਼ੀ ਧਾੜਵੀ ਆ ਕੇ, ਇਸ ਉਤੇ ਰਾਜ ਕਰਨ ਲਗਦਾ ਸੀ। -ਨਿਮਰਤ ਕੌਰ