ਸਟਾਫ ਰਿਪੋਰਟਰ, ਖੰਨਾ : ਥਾਣਾ ਸਿਟੀ 2 ਦੀ ਪੁਰਾਣੀ ਇਮਾਰਤ ਦੇ ਨਾਲ ਲੱਗਦੀ ਮੀਟ ਮਾਰਕੀਟ ਇਲਾਕੇ ‘ਚ ਲਗਾਤਾਰ ਦੂਜੇ ਦਿਨ ਉਸ ਸਮੇਂ ਭਾਜੜ ਮਚ ਗਈ, ਜਦੋਂ ਲੋਕਾਂ ਨੇ ਮੀਟ ਮਾਰਕੀਟ ਨੇੜਿਓਂ ਇਕ ਨੌਜਵਾਨ ਨੂੰ ਨਸ਼ੇ ਦੇ ਟੀਕੇ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।

ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਸੰਦੀਪ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਤਸਕਰਾਂ ਨੂੰ ਵੀ ਫੜ ਲਿਆ ਜਾਵੇਗਾ। ਮੀਟ ਮਾਰਕੀਟ ‘ਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।