ਸਟਾਫ਼ ਰਿਪੋਰਟਰ, ਰੂਪਨਗਰ : ਸ਼ਹਿਰ ਦੇ ਵਾਰਡ ਨੰਬਰ 13 ਦੀ ਕੌਂਸਲਰ ਜਸਵਿੰਦਰ ਕੌਰ ਵੱਲੋਂ ‘ਆਓ ਮਿਲ ਕੇ ਮੁਹਿੰਮ ਚਲਾਈਏ ਨਸ਼ਾਮੁਕਤ ਪੰਜਾਬ ਬਣਾਈਏ’ ਤਹਿਤ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਥਾਣਾ ਸਿਟੀ ਰੋਪੜ ਦੇ ਐੱਸਐੱਚਓ ਪਵਨ ਕੁਮਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਇਸ ਮੌਕੇ ਐੱਸਐੱਚਓ ਪਵਨ ਕੁਮਾਰ ਨੇ ਨਸ਼ਿਆਂ ਖ਼ਿਲਾਫ਼ ਸਮੂਹ ਵਾਰਡ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਾ ਵੇਚਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਕੌਂਸਲਰ ਜਸਵਿੰਦਰ ਕੌਰ ਵੱਲੋਂ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਤੇ ਅਮਰਜੀਤ ਸਿੰਘ ਬਿੱਲਾ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੇ ਵਾਰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ੇ ਵੇਚਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਵਾਉਣਗੇ ਅਤੇ ਉਸ ਦੀ ਜ਼ਮਾਨਤ ਲਈ ਕੋਈ ਵੀ ਵਾਰਡ ਵਾਸੀ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਵਾਰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਰੋਪੜ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਕੌਂਸਲਰ ਜਸਵਿੰਦਰ ਕੌਰ ਵੱਲੋਂ ਨਸ਼ਿਆਂ ਖ਼ਿਲਾਫ਼ ਕੈਂਪ ਲਗਾਉਣਾ ਸ਼ਲਾਘਾਯੋਗ ਹੈ। ਇਸ ਮੌਕੇ ਹੈਪੀ ਧਮੜੈਤ, ਗੁਰਵਿੰਦਰ ਸਿੰਘ ਜੱਗੀ ਆਦਿ ਮੌਜੂਦ ਸਨ।