ਨਵੀਂ ਦਿੱਲੀ (ਏਜੰਸੀ) : ਮਾਰੂਤੀ-ਸੁਜ਼ੂਕੀ ਇੰਡੀਆ ਅਤੇ ਟਾਟਾ ਨੇ ਅਗਲੇ ਸਾਲ ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਮਾਰੂਤੀ-ਸੁਜ਼ੂਕੀ ਨੇ ਕਿਹਾ ਹੈ ਕਿ ਵਧਦੀ ਮਹਿੰਗਾਈ ਤੇ ਇਨਪੁੱਟ ਲਾਗਤ ਦੇ ਦਬਾਅ ਕਾਰਨ ਇਹ ਫ਼ੈਸਲਾ ਲੈਣਾ ਪੈ ਰਿਹਾ ਹੈ। ਕੰਪਨੀ ਘੱਟ ਕੀਮਤ ਦੀ ਛੋਟੀ ਕਾਰ ਆਲਟੋ ਤੋਂ ਲੈ ਕੇ ਮਲਟੀ ਯੂਟੀਲਿਟੀ ਵਾਹਨ ਇਨਵਿਕਟੋ ਤੱਕ ਵਾਹਨਾਂ ਦੀ ਇਕ ਸੀਰੀਜ਼ ਵੇਚਦੀ ਹੈ। ਇਨ੍ਹਾਂ ਦੀ ਕੀਮਤ 3.54 ਲੱਖ ਰੁਪਏ ਤੋਂ 28.42 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਤੱਕ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਵਾਹਨਾਂ ਦੀਆਂ ਕੀਮਤਾਂ ਕਿੰਨੀਆਂ ਵਧਾਏਗੀ।
ਟਾਟਾ ਮੋਟਰਜ਼ ਨੇ ਵੀ ਪਹਿਲੀ ਜਨਵਰੀ ਤੋਂ ਆਪਣੇ ਯਾਤਰੂੁ ਵਾਹਨਾਂ ਤੇ ਇਲੈਕਟ੍ਰਿਕ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਕਿਸ ਮਾਡਲ ਦੀ ਕੀਮਤ ਕਿੰਨੀ ਵਧਾਈ ਜਾਵੇਗੀ, ਇਸ ਦੀ ਜਾਣਕਾਰੀ ਆਉਣ ਵਾਲੇ ਕੁਝ ਹਫ਼ਤਿਆਂ ’ਚ ਦਿੱਤੀ ਜਾਵੇਗੀ। ਕੰਪਨੀ 5.6 ਲੱਖ ਦੀ ਕੀਮਤ ਵਾਲੀ ਟਿਆਗੋ ਤੋਂ ਲੈ ਕੇ 25.94 ਲੱਖ ਕੀਮਤ ਦੀ ਐੱਸਯੂਵੀ ਸਫਾਰੀ ਤੱਕ ਬਣਾਉਂਦੀ ਹੈ। ਦੂਜੇ ਪਾਸੇ ਜਰਮਨੀ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਔਡੀ ਨੇ ਵੀ ਕੱਚੇ ਮਾਲ ਦੀ ਮੰਗ ਅਤੇ ਬਣਾਉਣ ਦੀ ਲਾਗਤ ਵਧਣ ਦਾ ਹਵਾਲਾ ਦਿੰਦਿਆਂ ਅਗਲੇ ਸਾਲ ਜਨਵਰੀ ਤੋਂ ਭਾਰਤ ’ਚ ਆਪਣੇ ਵਾਹਨਾਂ ਦੀਆਂ ਕੀਮਤਾਂ ਦੋ ਫ਼ੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਔਡੀ ਇੰਡੀਆ ਕਿਊ 3 ਐੱਸਯੂਵੀ ਤੋਂ ਲੈ ਕੇ ਸਪੋਰਟਸ ਕਾਰ ਆਰਐੱਸਕਿਊ8 ਤੱਕ ਕਈ ਵਾਹਨ ਵੇਚਦੀ ਹੈ। ਇਨ੍ਹਾਂ ਦੀ ਕੀਮਤ 42.77 ਲੱਖ ਰੁਪਏ ਤੋਂ ਲੈ ਕੇ 2.22 ਕਰੋੜ ਰੁਪਏ ਤੱਕ ਹੈ।


