ਜਾਗਰਣ ਬਿਊਰੋ, ਨਵੀਂ ਦਿੱਲੀ : ਪਹਿਲੀ ਵਾਰ ਵੋਟ ਪਾਉਣ ਵਾਲੇ ਨਵੇਂ ਵੋਟਰਾਂ ਨੂੰ ਕਿਸਮਤ ਬਦਲਣ ਵਾਲੇ ਦੱਸਦਿਆਂ ਭਾਜਪਾ ਨੇ ਮਿਸ਼ਨ 2024 ਲਈ ਇਨ੍ਹਾਂ ’ਤੇ ਨਜ਼ਰਾਂ ਟਿਕਾ ਲਈਆਂ ਹਨ। ਪਾਰਟੀ ਨੇ ਇਸ ਨੂੰ ਆਪਣੀ ਚੋਣ ਰਣਨੀਤੀ ’ਚ ਸ਼ਾਮਲ ਕੀਤਾ ਹੈ ਜਿਸ ਨੂੰ ਅਮਲੀ ਰੂਪ ਦਿੰਦੇ ਹੋਏ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸ਼ਨਿਚਰਵਾਰ ਨੂੰ ‘ਨਮੋ ਨਵਮਤਦਾਤਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਦੇਸ਼ ਭਰ ਤੋਂ ਵਰਚੁਅਲੀ ਜੁੜੇ ਨੌਜਵਾਨਾਂ ਨੂੰ ਨੱਡਾ ਨੇ ਵਿਕਸਿਤ ਭਾਰਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਜ਼ਰੀਆ ਦੱਸਿਆ, ਨਵੇਂ ਦੌਰ ਦੀ ਸਿਆਸਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਨ੍ਹਾਂ ਦਾ ਏਜੰਡਾ ਸਿਰਫ਼ ‘ਮੋਦੀ ਹਟਾਓ, ਪਰਿਵਾਰ ਤੇ ਜਾਇਦਾਦ ਬਚਾਓ’ ਹੈ।

ਭਾਜਪਾ ਦੇ ਰਾਸ਼ਟਰੀ ਹੈੱਡਕੁਆਰਟਰ ’ਚ ਕਰਵਾਏ ਗਏ ਪ੍ਰੋਗਰਾਮ ’ਚ ਜੇਪੀ ਨੱਡਾ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਾਜਪਾ ਯੁਵਾ ਮੋਰਚਾ ਨੂੰ ਟੀਚਾ ਦਿੱਤਾ ਕਿ 25 ਜਨਵਰੀ ਨੂੰ ਰਾਸ਼ਟਰੀ ਮਤਦਾਤਾ ਦਿਵਸ ਤੱਕ ਇਕ ਕਰੋੜ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਪਾਰਟੀ ਨਾਲ ਜੋੜਿਆ ਜਾਵੇ। ਉਸ ਦਿਨ ਦੇਸ਼ ਭਰ ’ਚ ਪੰਜ ਹਜ਼ਾਰ ਥਾਵਾਂ ’ਤੇ ਪ੍ਰੋਗਰਾਮ ਹੋਣਗੇ ਜਿਨ੍ਹਾਂ ਨੂੰ ਪੀਐੱਮ ਮੋਦੀ ਵਰਚੁਅਲੀ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਸਿਤ ਬਣਾਉਣ ਦਾ ਪੀਐੱਮ ਦਾ ਜਿਹੜਾ ਸੰਕਲਪ ਹੈ, ਉਸ ਨੂੰ ਪੂੁਰਾ ਕਰਨ ਦਾ ਜ਼ਰੀਆ ਨੌਜਵਾਨ ਹੀ ਬਣਨਗੇ। ਹੁਣ ਨੌਜਵਾਨ ਨਹੀਂ ਕਹਿ ਸਕਦੇ ਕਿ ਅਸੀਂ ਰਾਜਨੀਤਕ ਨਹੀਂ ਹਾਂ ਕਿਉਂਕਿ ਜ਼ਿੰਦਗੀ ਦੇ ਹਰ ਮੋੜ ’ਤੇ ਸਿਆਸਤ ਮਿਲਦੀ ਹੈ। ਫ਼ਰਕ ਇਹ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਸਿਆਸਤ ਦੀ ਪਰਿਭਾਸ਼ਾ ਬਦਲ ਦਿੱਤੀ ਹੈ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਕੁਝ ਸਮਾਂ ਨਹੀਂ ਆ ਰਿਹਾ ਕਿ ਕੀ ਮੁੱਦਾ ਚੁੱਕਣ। ਉਹ ਓਬੀਸੀ ਦੀ ਗੱਲ ਕਰਦਾ ਹੈ, ਉਹ ਵੋਟ ਬੈਂਕ ਦੀ ਸਿਆਸਤ ਕਰਦਾ ਹੈ ਜਦਕਿ ਮੋਦੀ ਨੇ ਗ਼ਰੀਬ, ਨੌਜਵਾਨ, ਕਿਸਾਨ ਤੇ ਔਰਤ ਨੂੰ ਹੀ ਜਾਤੀ ਦੱਸਿਆ ਹੈ। ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਨੱਡਾ ਨੇ ਵਿਅੰਗ ਕੱਸਿਆ ਕਿ ਅੱਜ ਆਈਐੱਨਡੀਆਈਏ ਦੀ ਵਰਚੁਅਲੀ ਬੈਠਕ ਹੋ ਰਹੀ ਹੈ ਕਿਉਂਕਿ ਗੱਠਜੋੜ ਹੀ ਵਰਚੁਅਲੀ ਹੈ। ਸਿਰਫ਼ ਰਸਮ ਅਦਾਇਗੀ ਹੋ ਰਹੀ ਹੈ। ਪੀਐੱਮ ਮੋਦੀ ਦਾ ਏਜੰਡਾ ਵਿਕਸਿਤ ਭਾਰਤ ਹੈ, ਨੌਜਵਾਨਾਂ, ਕਿਸਾਨਾਂ, ਔਰਤਾਂ ਨੂੰ ਅੱਗੇ ਵਧਾਉਣਾ ਤੇ ਗ਼ਰੀਬੀ ਨੂੰ ਖ਼ਤਮ ਕਰਨਾ ਹੈ ਤਾਂ ਇਨ੍ਹਾਂ ਵਿਰੋਧੀਆਂ ਦਾ ਏਜੰਡਾ ‘ਮੋਦੀ ਹਟਾਓ, ਪਰਿਵਾਰ ਤੇ ਜਾਇਦਾਦ ਬਚਾਓ’ ਹੈ। ਪਰਿਵਾਰਵਾਦ ਨੂੰ ਲੈ ਕੇ ਉਨ੍ਹਾਂ ਨੇ ਕਾਂਗਰਸ, ਸਪਾ, ਆਰਜੇਡੀ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਐੱਨਸੀਪੀ ਆਦਿ ਪਾਰਟੀਆਂ ’ਤੇ ਵਿਅੰਗ ਕੱਸਿਆ। ਨਾਲ ਹੀ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਕਰੀਬ ਸਾਰੇ ਨੇਤਾ ਈਡੀ ਦੀ ਜਾਂਚ ’ਚ ਘਿਰੇ ਹਨ ਤੇ ਜ਼ਮਾਨਤ ’ਤੇ ਹਨ। ਬੰਗਾਲ ’ਚ ਸਾਧੂਆਂ ਨੂੰ ਕੁੱਟਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਬੋਲੇ ਕਿ ਵਿਰੋਧੀਆਂ ਨੂੰ ਸਨਾਤਨ ਤੋਂ ਨਫ਼ਰਤ ਹੈ, ਭਗਵਾਂ ਰੰਗ ਤੋਂ ਪਰੇਸ਼ਾਨੀ ਹੈ ਜਦਕਿ ਸਾਰਾ ਦੇਸ਼ ਅੱਜ ਰਾਮਮਈ ਹੋ ਰਿਹਾ ਹੈ। ਪ੍ਰੋਗਰਾਮ ’ਚ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਸੁਨੀਲ ਬੰਸਲ, ਵਿਨੋਦ ਤਾਵੜੇ ਤੇ ਭਾਜਯੁਮੋ ਦੇ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰਿਆ ਵੀ ਸ਼ਾਮਲ ਸਨ।