ਅਵਤਾਰ ਧੀਮਾਨ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਇਕ ਵਿਅਕਤੀ ਨੂੰ ਕੈਨੇਡੀਅਨ ਡਾਲਰ ਬਦਲਵਾਉਣ ਬਦਲੇ 22 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਟਿਆਲਾ ਨਿਵਾਸੀ ਪਿਓ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਖਵਿੰਦਰ ਪੁੱਤਰ ਬਲਬੀਰ ਲੋਸਿੰਬਲੀ ਪਟਿਆਲਾ ਨੇ ਦੱਸਿਆ ਕਿ ਉਸ ਨੇ ਆਪਣੇ ਕਿਸੇ ਜਾਣਕਾਰ ਬਿਕਰਮਜੀਤ ਭੁੱਲਰ ਨੂੰ ਕਨੇਡੀਅਨ ਡਾਲਰ ਬਦਲਵਾਉਣ ਲਈ ਕਿਹਾ ਸੀ ਜਿਸ ਨੇ ਉਸ ਦੀ ਮੁਲਾਕਾਤ ਚੇਤਨ ਗੋਇਲ ਪੁੱਤਰ ਨਰਿੰਦਰ ਗੋੲਲ ਵਾਸੀ ਅਬਚਲ ਨਗਰ ਪਟਿਆਲਾ ਕਰਵਾਈ ਸੀ। ਉਸ ਨੇ ਦੱਸਿਆ ਕਿ ਚੇਤਨ ਗੋਇਲ ਨੇ ਉਸ ਤੋਂ 40 ਹਜ਼ਾਰ ਕੈਨੇਡੀਅਨ ਡਾਲਰ ਬਦਲਵਾਉਣ ਬਦਲੇ 22 ਲੱਖ 80 ਹਜ਼ਾਰ ਰਪਏ ਲਏ ਸਨ ਪਰ ਨਾਂ ਤਾਂ ਚੇਤਨ ਗੋਇਲ ਨੇ ਉਸ ਨੂੰ ਡਾਲਰ ਦਿੱਤੇ ਅਤੇ ਨਾਂ ਹੀ ਉਸ ਨੇ ਉਸ ਦੇ 22 ਲੱਖ 80 ਹਜ਼ਾਰ ਰੁਪਏ ਵਾਪਿਸ ਕੀਤੇ। ਉਸ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਜ਼ੀਰਕਪੁਰ ਵਿਖੇ ਚੇਤਨ ਗੋਇਲ ਅਤੇ ਉਸ ਦੇ ਪਿਤਾ ਨਰਿੰਦਰ ਗੋਇਲ ਨੇ ਉਸ ਨੂੰ ਉਸ ਦੇ ਡਾਲਰ ਜਾਂ ਉਸ ਦੇ ਪੈਸੇ ਵਾਪਿਸ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਲਏ ਅਤੇ ਆਪਣੇ ਘਰ ਤੋਂ ਵੀ ਗਾਇਬ ਹੋ ਗਏ।

ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਚੇਤਨ ਗੋਇਲ ਅਤੇ ਨਰਿੰਦਰ ਗੋਇਲ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।