ਅਰਵਿੰਦ ਸ਼ਰਮਾ, ਨਵੀਂ ਦਿੱਲੀ: ਦੇਸੀ ਗਾਵਾਂ ਦੇ ਪਾਲਣ-ਪੋਸ਼ਣ ਲਈ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇਕ ਦਹਾਕੇ ’ਚ ਦੁੱਧ ਦੇ ਉਤਪਾਦਨ ਤੇ ਉਤਪਾਦਕਤਾ ’ਚ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਦੁੱਧ ਦੀ ਖਪਤ ’ਚ ਵੀ ਤੇਜ਼ੀ ਨਾਲ ਵਧਦੇ ਹੋਏ ਭਾਰਤ ਨੇ ਦੁਨੀਆ ਦੀ ਔਸਤ ਖਪਤ ਦੀ ਮਾਤਰਾ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ।

ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਦੀ ਰਿਪੋਰਟ ਮੁਤਾਬਕ, ਭਾਰਤ ਪਸ਼ੂਆਂ ਦੇ ਦੁੱਧ ਉਤਪਾਦਨ ’ਚ ਦੁਨੀਆ ’ਚ ਪਹਿਲੇ ਨੰਬਰ ’ਤੇ ਹੈ। ਦੁਨੀਆ ਦੇ ਕੁੱਲ ਦੁੱਧ ਉਤਪਾਦਨ ’ਚ ਭਾਰਤ 24 ਫ਼ੀਸਦੀ ਦਾ ਯੋਗਦਾਨ ਦੇ ਰਿਹਾ ਹੈ। 9 ਸਾਲਾਂ ’ਚ ਦੇਸ਼ ’ਚ ਦੁੱਧ ਦਾ ਉਤਪਾਦਨ ਕਰੀਬ 57 ਫ਼ੀਸਦੀ ਵਧਿਆ ਹੈ। ਇਸੇ ਕਾਰਨ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 2022-23 ’ਚ 459 ਗ੍ਰਾਮ ਰੋਜ਼ਾਨਾ ਹੋ ਗਈ ਹੈ ਜਿਹੜੀ 9 ਸਾਲ ਪਹਿਲਾਂ ਸਿਰਫ਼ 303 ਗ੍ਰਾਮ ਪ੍ਰਤੀ ਵਿਅਕਤੀ ਸੀ। ਦੁੱਧ ਦੀ ਉਪਲਬਧਤਾ ਵਧੀ ਤਾਂ ਭਾਰਤੀਆਂ ਦੇ ਖਾਣ-ਪੀਣ ਦੇ ਤਰੀਕੇ ’ਚ ਵੀ ਤਬਦੀਲੀ ਆਉਣ ਲੱਗੀ ਹੈ। ਦੁੱਧ ਤੇ ਉਸ ਦੇ ਉਤਪਾਦਾਂ ਦੀ ਖਪਤ ’ਚ ਤੇਜ਼ੀ ਨਾਲ ਵਾਧਾ ਹੋਈ ਹੈ। ਹਾਲੇ ਭਾਰਤ ’ਚ ਹਰੇਕ ਵਿਅਕਤੀ ਦੁਨੀਆ ’ਚ ਦੁੱਧ ਦੀ ਔਸਤ ਖਪਤ ਤੋਂ 65 ਗ੍ਰਾਮ ਜ਼ਿਆਦਾ ਦੁੱਧ ਪੀਣ ਲੱਗਾ ਹੈ। ਦੁਨੀਆ ’ਚ ਦੁੱਧ ਦੀ ਔਸਤ ਖਪਤ ਹਾਲੇ 394 ਗ੍ਰਾਮ ਪ੍ਰਤੀ ਵਿਅਕਤੀ ਹੈ।

ਦੁੱਧ ਦੇ ਮਾਮਲੇ ’ਚ ਅਜਿਹੀ ਖ਼ੁਸ਼ਹਾਲੀ ਦਾ ਰਾਹ ਰਾਸ਼ਟਰੀ ਗੋਕੁਲ ਮਿਸ਼ਨ ਕਾਰਨ ਖੁੱਲ੍ਹਾ ਹੈ। ਯੋਜਨਾ ਦੀ ਸ਼ੁਰੂਆਤ ਦਸੰਬਰ, 2014 ’ਚ ਹੋਈ ਸੀ। ਮਕਸਦ ਸੀ ਵਿਗਿਆਨਕ ਤਰੀਕੇ ਨਾਲ ਦੇਸੀ ਗਊ ਜਾਤੀ ਦੀਆਂ ਨਸਲਾਂ ਦਾ ਵਿਕਾਸ ਤੇ ਸਾਂਭ-ਸੰਭਾਲ। ਸੂਬਿਆਂ ’ਚ ਗਾਵਾਂ ਤੇ ਮੱਝਾਂ ਦੇ ਰਵਾਇਤੀ ਜਣੇਪੇ ਦੇ ਤਰੀਕੇ ਤੋਂ ਅਲੱਗ ਕਿਸਾਨਾਂ ਦੇ ਦਰਵਾਜ਼ੇ ’ਤੇ ਬਨਾਉਟੀ ਗਰਭ ਧਾਰਨ ਸੇਵਾਵਾਂ ਮੁਹੱਈਆ ਕਰਵਾਈਆਂ, ਆਈਵੀਐੱਫ ਤਕਨੀਕ ਤੇ ਸੈਕਸ ਸਾਰਟਿਡ ਸੀਮੇਨ ਜ਼ਰੀਏ ਦੇਸੀ ਨਸਲ ਦੇ ਜਣੇਪੇ ’ਚ ਗੁਣਵੱਤਾ ਵਧਾਉਣ ਲਈ ਕ੍ਰਾਸ ਬ੍ਰੀਡਿੰਗ ’ਤੇ ਜ਼ੋਰ ਦਿੱਤਾ ਜਾਂਦਾ ਸੀ। ਇਸ ਨਾਲ ਵਾਧਾ ਤਾਂ ਹੋਇਆ ਪਰ ਰਫ਼ਤਾਰ ਬਹੁਤ ਹੌਲੀ ਸੀ। ਸਾਲ 2006-07 ਤੋਂ 2013-14 ਦੇ ਅੰਕੜੇ ਇਸ ਦੀਆਂ ਉਦਾਹਰਨਾਂ ਹਨ ਜਦੋਂ ਦੇਸ਼ ’ਚ ਦੁੱਧ ਦੀ ਉਪਲਬਧਤਾ ’ਚ ਸਿਰਫ਼ 20 ਫ਼ੀਸਦੀ ਦਾ ਵਾਧਾ ਹੋ ਸਕਿਆ ਸੀ ਜਦਕਿ ਪਿਛਲੇ 9 ਸਾਲਾਂ ’ਚ 57 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਨਵੀਂ ਯੋਜਨਾ ਦੀ ਕਾਮਯਾਬੀ ਇਹ ਵੀ ਦੱਸਦੀ ਹੈ ਕਿ ਭਾਰਤ ’ਚ ਗਾਵਾਂ ਪ੍ਰਤੀ ਲਗਾਅ ਵਧਿਆ ਹੈ ਕਿਉਂਕਿ ਦੇਸ਼ ਦੇ ਕੁੱਲ ਦੁੱਧ ਉਤਪਾਦਨ ’ਚ ਗਾਵਾਂ ਦਾ ਯੋਗਦਾਨ ਸਭ ਤੋਂ ਜ਼ਿਆਦਾ ਕਰੀਬ 51 ਫ਼ੀਸਦੀ ਹੈ ਜਦਕਿ ਮੱਝਾਂ ਦਾ ਯੋਗਦਾਨ 47 ਫ਼ੀਸਦੀ ਹੈ।

ਆਲਮੀ ਔਸਤ ਤੋਂ ਤਿੰਨ ਗੁਣਾ ਜ਼ਿਆਦਾ ਤੇਜ਼ੀ

ਸਾਲ 2013-14 ਦੌਰਾਨ ਦੇਸ਼ ’ਚ 1463 ਲੱਖ ਟਨ ਦੁੱਧ ਉਤਪਾਦਨ ਹੋਇਆ ਸੀ ਜੋ 2022-23 ’ਚ ਵੱਧ ਕੇ 2306 ਲੱਖ ਟਨ ਹੋ ਗਿਆ ਹੈ। ਆਜ਼ਾਦੀ ਤੋਂ ਬਾਅਦ ਦੁੱਧ ਉਤਪਾਦਨ ’ਚ ਇਹ ਸਭ ਤੋਂ ਜ਼ਿਆਦਾ ਵਾਧਾ ਹੈ। ਭਾਰਤ ’ਚ ਹਰੇਕ ਸਾਲ ਦੁੱਧ ਉਤਪਾਦਨ 5.9 ਫ਼ੀਸਦੀ ਤੋਂ ਜ਼ਿਆਦਾ ਦੀ ਦਰ ਸਿਰਫ਼ ਦੋ ਫ਼ੀਸਦੀ ਪ੍ਰਤੀ ਸਾਲ ਹੈ। ਭਾਰਤ ਦੇ ਦੁੱਧ ਦੀ ਵਿਦੇਸ਼ਾਂ ’ਚ ਵੀ ਮੰਗ ਵਧਣ ਲੱਗੀ ਹੈ। ਕਰੀਬ 150 ਦੇਸ਼ਾਂ ’ਚ ਭਾਰਤ ਦੇ ਦੁੱਧ ਉਤਪਾਦਨ ਦੀ ਮੰਗ ਹੈ। ਪਿਛਲੇ ਸਾਲ 65 ਲੱਖ ਟਨ ਦੁੱਧ ਉਤਪਾਦਾਂ ਦੀ ਬਰਾਮਦ ਹੋਈ ਹੈ।

ਇਨ੍ਹਾਂ ਦਾ ਕਹਿਣਾ ਹੈ

ਕੇਂਦਰੀ ਪਸ਼ੂ ਪਾਲਣ ਤੇ ਡੇਅਰੀ ਰਾਜ ਮੰਤਰੀ ਸੰਜੀਵ ਬਾਲੀਆਨ ਦਾ ਕਹਿਣਾ ਹੈ ਕਿ ਦੇਸ਼ ਦੇ ਅਰਥਚਾਰੇ ’ਚ ਡੇਅਰੀ ਸੈਕਟਰ ਦਾ ਯੋਗਦਾਨ ਪੰਜ ਫ਼ੀਸਦੀ ਹੈ। ਕਰੀਬ ਅੱਠ ਕਰੋੜ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੈ। ਕੇਂਦਰ ਸਰਕਾਰ ਦੁੱਧ ਦੀ ਵਧਦੀ ਮੰਗ ਪੂਰੀ ਕਰਨ ਅਤੇ ਡੇਅਰੀ ਨੂੰ ਜ਼ਿਆਦਾ ਫ਼ਾਇਦੇਮੰਦ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਨਵੀਂ ਯੋਜਨਾ ਨਾਲ ਦੇਸੀ ਨਸਲਾਂ ਦੇ ਪਸ਼ੂਆਂ ਦੀ ਗਿਣਤੀ ਤੇ ਦੁੱਧ ਦੀ ਉਪਲਬਧਤਾ ’ਚ ਵਾਧਾ ਹੋ ਰਿਹਾ ਹੈ।