ਪੰਜਾਬਾ ਜਾਗਰਣ ਬਿਊਰੋ, ਪਟਨਾ ਸਾਹਿਬ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ਼ਰਧਾਮਈ ਮਾਹੌਲ ਦੇ ਵਿਚ ਸ਼ੁਰੂਆਤ ਹੋ ਗਈ ਹੈ। 17 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਤਖ਼ਤ ਸ੍ਰੀ ਹਰਿਮੰਦਰ ਜੀ ਅਤੇ ਪਟਨਾ ਸਾਹਿਬ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਾਹੋ-ਜਲਾਲ ਦੇ ਨਾਲ ਮਨਾਇਆ ਜਾਵੇਗਾ, ਜਿਸ ਦੌਰਾਨ ਪੰਥ ਦੇ ਨਾਮਵਰ ਰਾਗੀ, ਪ੍ਰਚਾਰਕ, ਢਾਡੀ ਤੇ ਕਵੀਸ਼ਰੀ ਜਥੇ ਗੁਰਬਾਣੀ ਤੇ ਗੁਰ-ਇਤਿਹਾਸ ਦੀ ਸਾਂਝ ਪਾ ਕੇ ਸੰਗਤਾਂ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪਰਉਪਕਾਰ ਨਾਲ ਜੋੜਨਗੇ।

ਦਸਮ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਲਈ ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਵਾਈ ਜਹਾਜ਼ਾਂ, ਰੇਲਾਂ ਤੇ ਮੋਟਰ-ਕਾਰਾਂ ਰਾਹੀਂ ਪਟਨਾ ਸਾਹਿਬ ਦੀ ਧਰਤੀ ‘ਤੇ ਹੁਮਹੁੰਮਾ ਕੇ ਪੁੱਜ ਰਹੀਆਂ ਹਨ ਉੱਥੇ ਤਖ਼ਤ ਸ੍ਰੀ ਹਰਿਮੰਦਰ ਜੀ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਨੂੰ ਸੁੰਦਰ ਬਿਜਲਈ ਦੀਪਮਾਲਾ ਅਤੇ ਫੁੱਲਾਂ ਦੀ ਸਜਾਵਟ ਦੇ ਨਾਲ ਸਜਾਇਆ ਗਿਆ ਹੈ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕੀ ਬੋਰਡ ਤੋਂ ਇਲਾਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਜੀ ਦੇ ਪ੍ਰਬੰਧਾਂ ਤਹਿਤ ਗੁਰਦੁਆਰਾ ਬਾਲ ਲੀਲਾ ਵਿਖੇ ਸੰਗਤ ਦੀ ਰਿਹਾਇਸ਼ ਤੇ ਲੰਗਰ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰਦੁਆਰਾ ਕੰਗਣਘਾਟ ਤੇ ਓਪੀ ਸ਼ਾਹ ਕਮਿਊਨਿਟੀ ਹਾਲ ਵਿਖੇ ਵੀ ਸੰਗਤ ਲਈ ਲੰਗਰ ਦੀ ਸੇਵਾ ਕਾਰ ਸੇਵਾ ਸੰਤ ਭੂਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ।

ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਤਖ਼ਤ ਸ੍ਰੀ ਹਰਿਮੰਦਰ ਜੀ, ਗੁਰਦੁਆਰਾ ਬਾਲ ਲੀਲਾ, ਗੁਰਦੁਆਰਾ ਗਊਘਾਟ, ਗੁਰਦੁਆਰਾ ਕੰਗਣਘਾਟ, ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਨੌਵੀਂ ਅਤੇ ਗੁਰਦੁਆਰਾ ਸੁਨਿਆਰ ਟੋਲੀ ਵਿਖੇ ਮੱਥਾ ਟੇਕ ਕੇ ਦਸਮ ਪਾਤਸ਼ਾਹ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸੇ ਦੌਰਾਨ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸ. ਗੁਰਜੋਤ ਸਿੰਘ ਸੋਹੀ ਅਤੇ ਸ਼ਤਾਬਦੀ ਕਮੇਟੀ ਦੇ ਚੇਅਰਮੈਨ ਸ. ਸੁਮੀਤ ਸਿੰਘ ਕਲਸੀ ਵੀ ਗੁਰਦੁਆਰਾ ਬਾਲ ਲੀਲਾ ਵਿਖੇ ਨਤਮਸਤਕ ਹੋਏ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਦੇ ਨਾਲ ਗੁਰਪੁਰਬ ਦੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਬਾਬਾ ਗੁਰਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸ. ਤਲਵਿੰਦਰ ਸਿੰਘ ਬੁੱਟਰ ਮੀਡੀਆ ਸਲਾਹਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ, ਸ. ਰਾਮ ਸਿੰਘ ਭਿੰਡਰ ਸਾਬਕਾ ਮੀਤ ਸਕੱਤਰ, ਬਾਬਾ ਚਮਕੌਰ ਸਿੰਘ, ਸੁਖਬੀਰ ਸਿੰਘ ਮਾਹਲ, ਨਵਤੇਜ ਸਿੰਘ ਵੇਰਕਾ, ਪ੍ਰੋ. ਸਰਦਾਰਾ ਸਿੰਘ ਹੁੰਦਲ, ਮਾਸਟਰ ਪਰਦੀਪ ਸਿੰਘ, ਸ. ਪਰਗਟ ਸਿੰਘ ਬਟਾਲਾ, ਬਾਬਾ ਨਾਜਰ ਸਿੰਘ, ਗੁਰਸ਼ਰਨ ਸਿੰਘ ਛੀਨਾ, ਨਵਦੀਪ ਸਿੰਘ, ਸੁੱਖ ਗਵਾਲੀਅਰ, ਜੁਗਰਾਜ ਸਿੰਘ, ਬਾਬਾ ਲਸ਼ਕਰ ਸਿੰਘ ਆਦਿ ਵੀ ਹਾਜ਼ਰ ਸਨ।