ਡਿਜੀਟਲ ਡੈਸਕ, ਨਵੀਂ ਦਿੱਲੀ : Dosa King Rajgopal: ਡੋਸਾ ਤੇ ਇਡਲੀ ਖਾਣ ਲਈ ਸਵਰਨਾ ਭਵਨ ਜਾਂਦੇ ਸਮੇਂ ਤੁਸੀਂ ਸ਼ਾਇਦ ਹੀ ਸੋਚੋਗੇ ਕਿ ਇਸ ਰੈਸਟੋਰੈਂਟ ਦਾ ਮਾਲਕ ਕਿਸੇ ਦਾ ਕਤਲ ਵੀ ਕਰ ਸਕਦਾ ਹੈ। ਭਾਰਤ ਤੋਂ ਲੈ ਕੇ ਅਮਰੀਕਾ ਤਕ ਮਾਨਤਾ ਹਾਸਲ ਕਰਨ ਵਾਲੇ ਸਵਰਨਾ ਭਵਨ ਦੇ ਆਪਣੇ ਹੀ ਮਾਲਕ ਨੇ ਸਿਰਫ਼ ਵਿਆਹ ਦੀ ਖ਼ਾਤਰ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਜੋਤਸ਼ੀਆਂ ‘ਤੇ ਅੰਨ੍ਹੀ ਸ਼ਰਧਾ ਰੱਖਣ ਵਾਲੇ ਸਵਰਨਾ ਭਵਨ ਦੇ ਮਾਲਕ ਪੀ ਰਾਜਗੋਪਾਲ ਭਾਵੇਂ ਇਸ ਦੁਨੀਆ ‘ਚ ਨਹੀਂ ਰਹੇ, ਪਰ ਉਹ ਅੱਜ ਵੀ ਡੋਸਾ ਕਿੰਗ ਦੇ ਨਾਂ ਨਾਲ ਮਸ਼ਹੂਰ ਹਨ। ਦੱਖਣੀ ਭਾਰਤੀ ਡੋਸੇ ਤੇ ਇਡਲੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਰਾਜਗੋਪਾਲ ਨੂੰ ਕੀ ਪਤਾ ਸੀ ਕਿ ਜੋਤਿਸ਼ ‘ਚ ਉਸ ਦਾ ਅੰਧ ਵਿਸ਼ਵਾਸ ਇਕ ਦਿਨ ਉਸ ਨੂੰ ਕਾਤਲ ਬਣਾ ਦੇਵੇਗਾ। ਅਦਾਲਤ ਨੇ ਉਸ ਨੂੰ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਰਾਜਗੋਪਾਲ ਕਿਵੇਂ ਬਣੇ ਡੋਸਾ ਕਿੰਗ ?

ਤਾਮਿਲਨਾਡੂ ਦੇ ਇਕ ਛੋਟੇ ਜਿਹੇ ਪਿੰਡ ਤੂਤੀਕੋਰਿਨ ਨਾਲ ਤਾਅੱਲੁਕ ਰੱਖਦੇ ਸੀ ਰਾਜਗੋਪਾਲ। ਉਨ੍ਹਾਂ ਦੇ ਪਿਤਾ ਪਿਆਜ਼ ਦੀ ਖੇਤੀ ਕਰਦੇ ਸਨ। ਛੋਟੀ ਉਮਰ ‘ਚ ਆਪਣੇ ਸੁਪਨੇ ਪੂਰੇ ਕਰਨ ਲਈ ਰਾਜਗੋਪਾਲ ਚੇਨਈ ਆ ਗਏ ਤੇ ਕਰਿਆਨੇ ਦੀ ਦੁਕਾਨ ਚਲਾਈ। ਹਾਲਾਂਕਿ, ਜਲਦੀ ਹੀ ਉਨ੍ਹਾਂ ਇਕ ਰੈਸਟੋਰੈਂਟ ਵੀ ਖੋਲ੍ਹਿਆ। ਉਨ੍ਹਾਂ ਦੇ ਜੋਤਸ਼ੀ ਨੇ ਸਲਾਹ ਦਿੱਤੀ ਸੀ ਕਿ ਅੱਗ ਨਾਲ ਸਬੰਧਤ ਕਾਰੋਬਾਰ ਕਰਨ ਕਰਨ ‘ਤੇ ਸਫਲਤਾ ਮਿਲੇਗੀ।

ਉਨ੍ਹਾਂ ਆਪਣਾ ਕਾਰੋਬਾਰ 1981 ‘ਚ ਸ਼ੁਰੂ ਕੀਤਾ ਸੀ। ਉਨ੍ਹਾਂ ਸਿਰਫ 1 ਰੁਪਏ ‘ਚ ਲੋਕਾਂ ਨੂੰ ਪੌਸ਼ਟਿਕ ਭੋਜਨ ਦਿੱਤਾ। ਭਾਵੇਂ ਰਾਜਗੋਪਾਲ ਨੂੰ ਪਹਿਲੇ ਕੁਝ ਮਹੀਨਿਆਂ ‘ਚ ਬਹੁਤ ਨੁਕਸਾਨ ਹੋਇਆ, ਪਰ ਜਲਦ ਹੀ ਉਨ੍ਹਾਂ ਦਾ ਰੈਸਟੋਰੈਂਟ ਮਸ਼ਹੂਰ ਹੋ ਗਿਆ, ਜਿਸ ਨੂੰ ਅੱਜ ਸਰਵਣ ਭਵਨ ਵਜੋਂ ਜਾਣਿਆ ਜਾਂਦਾ ਹੈ। ਹੌਲੀ-ਹੌਲੀ ਕਾਰੋਬਾਰ ਅਸਮਾਨ ਨੂੰ ਛੂਹਣ ਲੱਗਾ ਤੇ ਉਨ੍ਹਾਂ ਨੇ ਕਈ ਹੋਰ ਦੁਕਾਨਾਂ ਵੀ ਖੋਲ੍ਹੀਆਂ ਜੋ ਦੇਸ਼ ਭਰ ‘ਚ ਫੈਲਣ ਲੱਗੀਆਂ। 2000 ‘ਚ ਉਨ੍ਹਾਂ ਨੇ ਦੁਬਈ ‘ਚ ਆਪਣਾ ਪਹਿਲਾ ਅੰਤਰਰਾਸ਼ਟਰੀ ਆਊਟਲੈਟ ਖੋਲ੍ਹਿਆ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਦੂਜੇ ਦੇਸ਼ਾਂ ਵਿੱਚ ਵੀ ਫੈਲਣ ਲੱਗਾ।

ਜਦੋਂ 2 ਪਤਨੀਆਂ ਵਾਲੇ ਰਾਜਗੋਪਾਲ ਨੂੰ ਮਿਲੀ ਤੀਜੀ ਵਾਰ ਵਿਆਹ ਕਰਨ ਦੀ ਸਲਾਹ

ਰਾਜਗੋਪਾਲ ਭਗਵਾਨ ਮੁਰੁਗਾ (ਸ਼ਨਮੁਗਾ) ਦੇ ਭਗਤ ਸਨ। ਉਨ੍ਹਾਂ ਮੰਦਰਾਂ, ਖਾਸ ਕਰਕੇ ਮੁਰੁਗਾ ਮੰਦਰਾਂ ‘ਚ ਵੀ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਇਆ। ਰਾਜਗੋਪਾਲ ਨੇ ਆਪਣੀ ਜੀਵਨੀ ‘ਵੇਟਰੀ ਮੀਧੁ ਆਸਾਈ ਵੀਥੇਨ’ ‘ਚ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਜੋਤਸ਼ੀ ਦੀ ਸਲਾਹ ‘ਤੇ ਰੈਸਟੋਰੈਂਟ ਸ਼ੁਰੂ ਕੀਤਾ ਸੀ। ਜੋਤਸ਼ੀ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇਕ ਬਣਨ ਲਈ ਜੀਵਾਜੋਤੀ ਨਾਲ ਵਿਆਹ ਕਰਨ ਦੀ ਸਲਾਹ ਦਿੱਤੀ। ਦੱਸ ਦੇਈਏ ਕਿ ਰਾਜਗੋਪਾਲ ਦੀਆਂ ਪਹਿਲਾਂ ਹੀ ਦੋ ਪਤਨੀਆਂ ਸਨ।

2001 ‘ਚ ਬਦਲ ਗਈ ਰਾਜਗੋਪਾਲ ਦੀ ਕਿਸਮਤ

ਜੀਵਾਜੋਤੀ ਸਰਵਨਾ ਭਵਨ ਦੀ ਚੇਨਈ ਸ਼ਾਖਾ ‘ਚ ਇਕ ਸਹਾਇਕ ਮੈਨੇਜਰ ਦੀ ਧੀ ਸੀ। ਰਾਜਗੋਪਾਲ ਹੁਣ ਉਸ ਨਾਲ ਵਿਆਹ ਕਰਨਾ ਚਾਹੁੰਦੇ ਸੀ, ਪਰ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਤੇ ਰਾਜਕੁਮਾਰ ਸੰਤਕੁਮਾਰ ਨਾਲ ਹੀ ਵਿਆਹ ਕੀਤਾ। ਇਸ ਦੌਰਾਨ ਰਾਜਗੋਪਾਲ ਨੇ ਉਸ ਨੂੰ ਕਈ ਧਮਕੀਆਂ ਵੀ ਦਿੱਤੀਆਂ।

ਅਕਤੂਬਰ 2001 ‘ਚ ਜੋੜੇ ਨੂੰ ਅਚਾਨਕ ਅਗਵਾ ਕਰ ਲਿਆ ਗਿਆ ਸੀ ਤੇ ਸੰਤਕੁਮਾਰ ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ 31 ਅਕਤੂਬਰ ਨੂੰ ਕੋਡੈਕਨਾਲ ਦੇ ਟਾਈਗਰ ਚੋਲਾ ਜੰਗਲਾਂ ਦੇ ਅੰਦਰ ਮਿਲੀ ਸੀ। ਜਦੋਂ ਪੋਸਟ ਮਾਰਟਮ ਦੀ ਰਿਪੋਰਟ ਆਈ ਤਾਂ ਸਾਹਮਣੇ ਆਇਆ ਕਿ ਸੰਤ ਕੁਮਾਰ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ।

ਰਾਜਗੋਪਾਲ ਨੂੰ ਹੋਈ ਸਜ਼ਾ

2004 ‘ਚ ਚੇਨਈ ਦੀ ਇਕ ਸੈਸ਼ਨ ਅਦਾਲਤ ਨੇ ਰਾਜਗੋਪਾਲ ਤੇ ਅੱਠ ਹੋਰਾਂ ਨੂੰ ਕਤਲ ਲਈ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਰਾਜਗੋਪਾਲ ਨੇ ਮਦਰਾਸ ਹਾਈ ਕੋਰਟ ‘ਚ ਅਪੀਲ ਕੀਤੀ। ਹਾਈ ਕੋਰਟ ਨੇ 2009 ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਰਾਜਗੋਪਾਲ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਅਤੇ ਮਾਰਚ 2019 ਵਿੱਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ।

ਹਾਲਾਂਕਿ, ਰਾਜਗੋਪਾਲ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਆਤਮ ਸਮਰਪਣ ਲਈ ਹੋਰ ਸਮਾਂ ਮੰਗਿਆ ਸੀ, ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਰਾਜਗੋਪਾਲ ਨੂੰ ਚੇਨਈ ਦੇ ਸਟੈਨਲੇ ਹਸਪਤਾਲ ਦੇ ਜੇਲ੍ਹ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਪੁਜਾਲ ਜੇਲ੍ਹ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।