ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ : ਟ੍ਰੇਨ ਵਿਚ ਕੁਝ ਯਾਤਰੀਆਂ ਦੀਆਂ ਸੀਟਾਂ ਰਾਖਵੀਆਂ ਨਹੀਂ ਹੋ ਪਾਉਂਦੀਆਂ ਤਾਂ ਉਹ ਆਰਏਸੀ (ਰਿਜ਼ਰਵੇਸ਼ਨ ਅਗੇਂਸਟ ਕੈਂਸਲੇਸ਼ਨ) ਹੋ ਜਾਂਦੀ ਹੈ। ਆਰਏਸੀ ਟਿਕਟ ਧਾਰਕ ਯਾਤਰੀ ਨੂੰ ਏਸੀ ਕੋਚ ’ਚ ਸਾਈਡ ਲੋਅਰ ਵਾਲੀ ਸੀਟ ਸਾਂਝੀ ਕਰ ਕੇ ਬੈਠਣਾ ਪੈਂਦਾ ਹੈ। ਇਕ ਸੀਟ ’ਤੇ ਇਕ ਬੈੱਡਰੋਲ ਦੀ ਸਹੂਲਤ ਮੁਹੱਈਆ ਹੁੰਦੀ ਹੈ ਜਦਕਿ ਯਾਤਰੀ ਦੇ ਕਿਰਾਏ ਵਿਚ ਪੂਰੀ ਸੀਟ ਦਾ ਕਿਰਾਇਆ ਤੇ ਬੈੱਡਰੋਲ ਦਾ ਚਾਰਜ ਜੁੜਿਆ ਹੁੰਦਾ ਹੈ। ਰੇਲਵੇ ਬੋਰਡ ਨੇ ਹੁਣ ਆਰਏਸੀ ਸੀਟ ਵਾਲੇ ਦੋਵੇਂ ਯਾਤਰੀਆਂ ਨੂੰ ਅਲੱਗ-ਅਲੱਗ ਬੈੱਡ ਰੋਲ ਦੇਣ ਦਾ ਨਿਰਦੇਸ਼ ਦਿੱਤਾ ਹੈ।
ਰੇਲਵੇ ਬੋਰਡ ਦੇ ਪਿ੍ਰੰਸੀਪਲ ਕਾਰਜਕਾਰੀ ਡਾਇਰੈਕਟਰ ਸ਼ੈਲੇਂਦਰ ਸਿੰਘ ਨੇ ਇਹ ਸਹੂਲਤ ਸ਼ੁਰੂ ਕਰਨ ਲਈ 18 ਦਸੰਬਰ ਨੂੰ ਜ਼ੋਨਲ ਰੇਲਵੇ ਜਨਰਲ ਮੈਨੇਜਰਾਂ ਨੂੰ ਪੱਤਰ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਏਸੀ ਸ਼੍ਰੇਣੀ ਵਿਚ ਆਰਏਸੀ ਯਾਤਰੀਆਂ ਨੂੰ ਵੀ ਰਾਖਵੀ ਸੀਟ ਵਾਲੇ ਯਾਤਰੀਆਂ ਵਾਂਗ ਪੂਰੀ ਬੈੱਡ ਰੋਲ ਕਿੱਟ ਦਿੱਤੀ ਜਾਵੇ। ਪੱਤਰ ਵਿਚ ਬੋਰਡ ਤੋਂ ਪਹਿਲਾਂ ਜਾਰੀ ਆਦੇਸ਼ ਦਾ ਵੀ ਜ਼ਿਕਰ ਹੈ। ਹੁਣ ਜੇ ਕਿਸੇ ਆਰਏਸੀ ਯਾਤਰੀ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਬੈੱਡ ਰੋਲ ਨਹੀਂ ਮਿਲਿਆ ਤਾਂ ਕਾਰਵਾਈ ਵੀ ਹੋਵੇਗੀ। ਸੀਪੀਆਰਓ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਅਲੱਗ-ਅਲੱਗ ਬੈੱਡ ਰੋਲ ਮੁਹੱਈਆ ਕਰਾਉਣ ਦੇ ਆਦੇਸ਼ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
———
ਅੱਧੀ ਸੀਟ ਹੋਵੇ ਤਾਂ ਅੱਧਾ ਕਿਰਾਇਆ ਲਵੋ
ਆਰਏਸੀ ਟਿਕਟ ਧਾਰਕ ਯਾਤਰੀ ਨੂੰ ਟਰੇਨ ਵਿਚ ਜਿਵੇਂ ਵੀ ਕੋਈ ਸੀਟ ਖਾਲੀ ਹੁੰਦੀ ਹੈ, ਪੜਾਅਵਾਰ ਤਰੀਕੇ ਨਾਲ ਦਿੱਤੀ ਜਾਂਦੀ ਹੈ। ਜ਼ਿਆਦਾਤਰ ਨੂੰ ਆਪਣੀ ਪੂਰੀ ਯਾਤਰਾ ਅੱਧੀ ਸੀਟ ’ਤੇ ਪੂਰੀ ਕਰਨੀ ਪੈਂਦੀ ਹੈ। ਯਾਤਰੀਆਂ ਨੇ ਕਈ ਵਾਰੀ ਮੰਗ ਕੀਤੀ ਹੈ ਕਿ ਜੇਕਰ ਸੀਟ ਅੱਧੀ ਹੀ ਹੈ ਤਾਂ ਕਿਰਾਇਆ ਵੀ ਅੱਧਾ ਲਿਆ ਜਾਣਾ ਚਾਹੀਦਾ ਹੈ।


