ਜੇਐੱਨਐੱਨ, ਜੰਮੂ : ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਦੇ ਝੱਜਰ ਕੋਟਲੀ ਇਲਾਕੇ ਵਿਚ ਇਕ ਟਰੱਕ ਦੇ ਪੁਲ ਤੋਂ ਹੇਠਾਂ ਡਿੱਗਣ ਨਾਲ ਉਸ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਜੀਐੱਮਸੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਰਨ ਵਾਲਿਆਂ ਵਿਚ ਟਰੱਕ ਦਾ ਡਰਾਈਵਰ ਤੇ ਕੰਡਕਟਰ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਟਰੱਕ ਸ਼੍ਰੀਨਗਰ ਤੋਂ ਰਾਜਸਥਾਨ ਵੱਲ ਜਾ ਰਿਹਾ ਸੀ।
80 ਫੁੱਟ ਹੇਠਾਂ ਨਾਲੇ ‘ਚ ਡਿੱਗਿਆ ਟਰੱਕ
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਵੀਰਵਾਰ ਤੇ ਸ਼ੁੱਕਰਵਾਰ ਦੀ ਦੇਰ ਰਾਤ ਕਰੀਬ 2.30 ਵਜੇ ਝੱਜਰ ਕੋਟਲੀ ਇਲਾਕੇ ਦੇ ਝੱਜਰ ਪੁਲ ‘ਤੇ ਵਾਪਰਿਆ। ਕਸ਼ਮੀਰ ਤੋਂ ਸੇਬ ਲੈ ਕੇ ਜੰਮੂ ਵੱਲ ਆ ਰਿਹਾ ਟਰੱਕ ਆਰ.ਜੇ.13ਜੀ.ਬੀ.-5654 ਪਹਿਲਾਂ ਝੱਜਰ ਪੁਲ ‘ਤੇ ਡਿਵਾਈਡਰ ਨਾਲ ਟਕਰਾ ਗਿਆ ਅਤੇ ਉਸ ਤੋਂ ਬਾਅਦ ਟਰੱਕ ਕਰੀਬ 80 ਫੁੱਟ ਹੇਠਾਂ ਨਾਲੇ ‘ਚ ਜਾ ਡਿੱਗਿਆ।
ਡਰਾਈਵਰ ਤੇ ਕੰਡਕਟਰ ਸਮੇਤ ਚਾਰ ਲੋਕਾਂ ਦੀ ਮੌਤ
ਟਰੱਕ ਸੇਬਾਂ ਨਾਲ ਲੱਦਿਆ ਹੋਣ ਕਾਰਨ ਜ਼ਿਆਦਾ ਦਬਾਅ ਨਾ ਝੱਲ ਸਕਿਆ ਅਤੇ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ‘ਚ ਡਰਾਈਵਰ ਅਤੇ ਕੰਡਕਟਰ ਸਮੇਤ ਟਰੱਕ ‘ਚ ਉਸ ਸਮੇਂ ਚਾਰ ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਜਗ੍ਹਾ ‘ਤੇ ਇਹ ਹਾਦਸਾ ਹੋਇਆ ਹੈ, ਉਹ ਜੰਮੂ-ਸ਼੍ਰੀਨਗਰ ਦਾ ਪੁਰਾਣਾ ਰਾਸ਼ਟਰੀ ਰਾਜਮਾਰਗ ਹੈ, ਜਿਸ ਨੂੰ ਅੱਜ ਕੱਲ੍ਹ ਘੱਟ ਹੀ ਲੋਕ ਵਰਤਦੇ ਹਨ। ਮੌਕੇ ਤੋਂ ਲੰਘ ਰਹੇ ਕੁਝ ਹੋਰ ਵਾਹਨ ਚਾਲਕਾਂ ਨੇ ਹਾਦਸੇ ਸਬੰਧੀ ਝੱਜਰ ਕੋਟਲੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਝੱਜਰ ਕੋਟਲੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ |
#WATCH | Jammu, J&K: Four people died after a truck going to Rajasthan from Srinagar plunged into a gorge at Jammu-Srinagar National Highway in the Jhajjar Kotli area last night
(Video Source: J&K Police) pic.twitter.com/8h26WcwYjD
— ANI (@ANI) October 20, 2023
ਕਸ਼ਮੀਰ ਤੋਂ ਸੇਬ ਲੈ ਕੇ ਜਾ ਰਹੇ ਸਨ ਵਪਾਰੀ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੇ ਟਰੱਕ ਦੇ ਮਲਬੇ ਵਿਚ ਫਸੇ ਚਾਰੇ ਵਿਅਕਤੀਆਂ ਨੂੰ ਬਾਹਰ ਕੱਢ ਕੇ ਜੀਐੱਮਸੀ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਜੀਐੱਮਸੀ ਦੇ ਮੁਰਦਾਘਰ ਵਿਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਟਰੱਕ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਮਾਰੇ ਗਏ ਦੋ ਹੋਰ ਵਿਅਕਤੀ ਵਪਾਰੀ ਹੋ ਸਕਦੇ ਹਨ, ਜੋ ਕਸ਼ਮੀਰ ਤੋਂ ਸੇਬ ਲੈ ਕੇ ਜਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



