ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਵਿਸ਼ਵ ਕੱਪ 2023 ਦੇ 21ਵੇਂ ਮੈਚ ਵਿਚ ਭਾਰਤ ਦਾ ਸਾਹਮਣਾ ਅੱਜ ਨਿਊਜ਼ੀਲੈਂਡ ਨਾਲ ਹੋਵੇਗਾ। ਦੋਵੇਂ ਟੀਮਾਂ ਦੁਨੀਆ ਦੀਆਂ ਸਿਖਰਲੀ ਰੈਂਕਿੰਗ ਵਾਲੀਆਂ ਟੀਮਾਂ ਵਿਚੋਂ ਇਕ ਹਨ। ਨਾਲ ਹੀ ਟੂਰਨਾਮੈਂਟ ਦੀ ਅੰਕ ਸੂਚੀ ਵਿਚ ਨੰਬਰ ਇਕ ਤੇ ਦੋ ’ਤੇ ਹਨ। ਧਰਮਸ਼ਾਲਾ ਵਿਚ ਐਤਵਾਰ 22 ਅਕਤੂਬਰ ਨੂੰ ਦੋਵਾਂ ਵਿਚਾਲੇ ਮੁਕਾਬਲਾ ਹੋਵੇਗਾ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਮੈਚ ਬਹੁਤ ਖ਼ਾਸ ਹੈ। ਉਹ ਇਸ ਲਈ ਕਿ ਨਿਊਜ਼ੀਲੈਂਡ ਨੇ ਹੀ ਸਾਲ 2019 ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਨੂੰ 18 ਦੌੜਾਂ ਨਾਲ ਮਾਤ ਦਿੱਤੀ ਸੀ। ਸਾਬਕਾ ਕਪਤਾਨ ਐੱਮਐੱਸ ਧੋਨੀ ਦੇ ਰਨ ਆਊਟ ਹੋਣ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਹਾਰ ਦਾ ਦੁੱਖ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿਚ ਅੱਜ ਵੀ ਹੈ। ਇਸ ਕਾਰਨ ਭਾਰਤੀ ਟੀਮ ਉਸ ਹਾਰ ਦਾ ਬਦਲਾ ਲੈਣਾ ਚਾਹੇਗੀ।
ਭਾਰਤ ਤੇ ਨਿਊਜ਼ੀਲੈਂਡ ਵਿਸ਼ਵ ਕੱਪ ਜਿੱਤਣ ਦੇ ਮੁੱਖ ਦਾਅਵੇਦਾਰ ਹਨ ਤੇ ਦੋਵਾਂ ਵਿਚਾਲੇ ਇਕ ਲੰਬਾ ਤੇ ਰੋਮਾਂਚਕ ਕ੍ਰਿਕਟ ਇਤਿਹਾਸ ਵੀ ਰਿਹਾ ਹੈ। ਆਈਸੀਸੀ ਵਿਸ਼ਵ ਕੱਪ ਵਿਚ ਭਾਰਤ ਤੇ ਨਿਊਜ਼ੀਲੈਂਡ ਨੌਂ ਵਾਰ ਇਕ-ਦੂਜੇ ਖ਼ਿਲਾਫ਼ ਮੁਕਾਬਲਾ ਖੇਡ ਚੁੱਕੇ ਹਨ। ਇਸ ਵਿਚ ਕੀਵੀ ਟੀਮ ਦਾ ਰਿਕਾਰਡ ਭਾਰਤ ਤੋਂ ਬਿਹਤਰ ਹੈ ਤੇ ਉਸ ਨੇ ਪੰਜ ਮੈਚ ਜਿੱਤੇ ਹਨ ਤੇ ਉਥੇ ਭਾਰਤ ਨੂੰ ਸਿਰਫ਼ ਤਿੰਨ ਵਾਰ ਕਾਮਯਾਬੀ ਮਿਲੀ ਹੈ। ਇਕ ਮੈਚ ਰੱਦ ਰਿਹਾ ਹੈ। ਭਾਰਤ ਨੇ 2003 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਨੂੰ ਹਰਾਇਆ ਸੀ। 2007, 2011 ਤੇ 2015 ਵਿਚ ਦੋਵਾਂ ਵਿਚਾਲੇ ਕੋਈ ਮੁਕਾਬਲਾ ਨਹੀਂ ਹੋਇਆ ਸੀ।
ਵਨ ਡੇ ਵਿਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ 116 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਭਾਰਤ ਨੇ ਇਸ ਦੌਰਾਨ 58 ਮੁਕਾਬਲੇ ਤੇ ਨਿਊਜ਼ੀਲੈਂਡ ਨੇ 50 ਮੁਕਾਬਲੇ ਜਿੱਤੇ ਹਨ। ਸੱਤ ਮੈਚ ਬੇਨਤੀਜਾ ਰਹੇ ਹਨ ਜਦਕਿ ਇਕ ਮੈਚ ਟਾਈ ਰਿਹਾ ਹੈ। ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਘਰ ਵਿਚ 29 ਮੈਚ ਜਿੱਤੇ ਹਨ।
ਭਾਰਤ ਨੇ ਇਸ ਤੋਂ ਪਹਿਲਾਂ ਇਸ ਵਿਸ਼ਵ ਕੱਪ ਵਿਚ ਖੇਡੇ ਆਪਣੇ ਚਾਰ ਮੁਕਾਬਲੇ ਜਿੱਤੇ ਹਨ। ਭਾਰਤ ਨੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ, ਦੂਜੇ ਮੈਚ ਵਿਚ ਅਫ਼ਗਾਨਿਸਤਾਨ ਨੂੰ ਅੱਠ ਵਿਕਟਾਂ ਨਾਲ, ਤੀਜੇ ਮੈਚ ਵਿਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਤੇ ਚੌਥੇ ਮੈਚ ਵਿਚ ਬੰਗਲਾਦੇਸ਼ ਨੂੰ ਵੀ ਸੱਤ ਵਿਕਟਾਂ ਨਾਲ ਹਰਾਇਆ ਜਦਕਿ ਨਿਊਜ਼ੀਲੈਂਡ ਨੇ ਆਪਣੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ ਨੌਂ ਵਿਕਟਾਂ ਨਾਲ, ਦੂਜੇ ਮੈਚ ਵਿਚ ਨੀਦਰਲੈਂਡ ਨੂੰ 99 ਦੌੜਾਂ ਨਾਲ, ਤੀਜੇ ਮੈਚ ਵਿਚ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਤੇ ਚੌਥੇ ਮੈਚ ਵਿਚ ਅਫ਼ਗਾਨਿਸਤਾਨ ਨੂੰ 149 ਦੌੜਾਂ ਨਾਲ ਮਾਤ ਦਿੱਤੀ ਹੈ।



