Leopard Entered In Hotel Rajasthan : ਵੀਰਵਾਰ (18 ਜਨਵਰੀ) ਨੂੰ ਜੈਪੁਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਤੇਂਦੁਆ ਵੜ ਗਿਆ। ਇਸ ਨਾਲ ਹੋਟਲ ‘ਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 9.40 ਵਜੇ ਇਕ ਜੰਗਲੀ ਜਾਨਵਰ ਹੋਟਲ ‘ਚ ਦਾਖਲ ਹੋਇਆ। ਹੋਟਲ ਸਟਾਫ ਨੇ ਉੱਥੇ ਮੌਜੂਦ ਸੈਲਾਨੀਆਂ ਨੂੰ ਬਾਹਰ ਕੱਢਿਆ ਤੇ ਬਚਾਅ ਅਧਿਕਾਰੀਆਂ ਨੂੰ ਬੁਲਾਉਣ ਤੋਂ ਪਹਿਲਾਂ ਜਾਨਵਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ।

ਜਿਸ ਤੋਂ ਬਾਅਦ ਜੰਗਲਾਤ ਵਿਭਾਗ ਤੇ ਸਥਾਨਕ ਚਿੜੀਆਘਰ ਦੀ ਟੀਮ ਨੇ ਉਸ ਨੂੰ ਬੇਹੋਸ਼ ਕਰ ਕੇ ਸੁਰੱਖਿਅਤ ਬਾਹਰ ਕੱਢ ਲਿਆ। ਹੋਟਲ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਤੇਂਦੁਆ ਨੇ ਹੋਟਲ ਦੇ ਕਮਰੇ ‘ਚ ਪਿਆ ਸਾਮਾਨ ਨਸ਼ਟ ਕਰ ਦਿੱਤਾ। ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੇਂਦੁਆ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ ਜਿਸ ਨਾਲ ਹੋਟਲ ਸਟਾਫ ਅਤੇ ਮਹਿਮਾਨਾਂ ਨੂੰ ਰਾਹਤ ਮਿਲੀ।

ਕਿਸੇ ‘ਤੇ ਨਹੀਂ ਕੀਤਾ ਹਮਲਾ

ਹੋਟਲ ਦੇ ਬੁਲਾਰੇ ਨੇ ਦੱਸਿਆ ਕਿ ਤੇਂਦੁਆ ਸਵੇਰੇ ਹੋਟਲ ਦੇ ਪ੍ਰਵੇਸ਼ ਦੁਆਰ ਤੋਂ ਸਟਾਫ ਰੂਮ ਵਿੱਚ ਦਾਖਲ ਹੋਇਆ। ਉਨ੍ਹਾਂ ਕਿਹਾ ਕਿ ਉਸ ਨੇ ਕਿਸੇ ‘ਤੇ ਹਮਲਾ ਨਹੀਂ ਕੀਤਾ। ਬੁਲਾਰੇ ਅਨੁਸਾਰ ਜਦੋਂ ਉਹ ਅੰਦਰ ਗਿਆ ਤਾਂ ਕਮਰੇ ਵਿੱਚ ਕੋਈ ਮੌਜੂਦ ਨਹੀਂ ਸੀ। ਜੰਗਲਾਤ ਵਿਭਾਗ ਦੇ ਬੱਸੀ ਰੇਂਜਰ ਪ੍ਰਿਥਵੀਰਾਜ ਮੀਨਾ ਨੇ ਦੱਸਿਆ ਕਿ ਬਾਲਗ ਨਰ ਤੇਂਦੁਆ ਜੰਗਲ ‘ਚੋਂ ਭਟਕ ਕੇ ਸਵੇਰੇ ਹੋਟਲ ‘ਚ ਦਾਖਲ ਹੋ ਕੇ ਸਟਾਫ ਰੂਮ ‘ਚ ਪਹੁੰਚ ਗਿਆ। ਉਸ ਨੇ ਦੱਸਿਆ ਕਿ ਜੰਗਲਾਤ ਵਿਭਾਗ ਅਤੇ ਜੈਪੁਰ ਚਿੜੀਆਘਰ ਦੀ ਟੀਮ ਨੇ ਉਸ ਨੂੰ ਬੇਹੋਸ਼ ਕਰ ਕੇ ਉਸ ਨੂੰ ਸਹੀ ਸਲਾਮਤ ਫੜ ਲਿਆ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਵਾਪਸ ਜੰਗਲ ਵਿਚ ਛੱਡ ਦਿੱਤਾ ਜਾਵੇਗਾ।