ਸਟੇਟ ਬਿਊਰੋ, ਜੰਮੂ : ਪੁਣਛ ‘ਚ ਅੱਤਵਾਦੀ ਹਮਲੇ ‘ਚ ਚਾਰ ਜਵਾਨਾਂ ਦੀ ਸ਼ਹਾਦਤ ਅਤੇ ਅਗਲੇ ਦਿਨ ਤਿੰਨ ਪਿੰਡ ਵਾਸੀਆਂ ਦੀਆਂ ਲਾਸ਼ਾਂ ਸ਼ੱਕੀ ਹਾਲਤ ‘ਚ ਮਿਲਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਰਾਜੌਰੀ-ਪੁਣਛ ਜ਼ਿਲ੍ਹਿਆਂ ਦਾ ਦੌਰਾ ਕਰਨ ਲਈ ਜੰਮੂ ਪਹੁੰਚੇ। ਇਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ।

ਇਸ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀ ਹਮਲੇ ‘ਚ ਸ਼ਾਮਿਲ ਅੱਤਵਾਦੀਆਂ ਦੀ ਮਦਦ ਕਰਨ ਦੇ ਸ਼ੱਕ ‘ਚ ਇਕ ਦਰਜਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਨੂੰ ਫੜਨ ਲਈ ਡੇਰਾ ਕੀ ਗਲੀ, ਟੋਪਾ ਪੀਰ, ਸਾਵਨੀ ਅਤੇ ਮੁਗਲ ਰੋਡ ਦੇ ਨਾਲ ਲੱਗਦੇ ਜੰਗਲਾਂ ‘ਚ ਫੌਜ ਦਾ ਸਰਚ ਆਪਰੇਸ਼ਨ ਲਗਾਤਾਰ ਛੇਵੇਂ ਦਿਨ ਵੀ ਜਾਰੀ ਰਿਹਾ।

ਫੌਜ ਦੀ 16 ਕੋਰ ਦੇ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ

ਉਹ ਡੇਰਾ ਕੀ ਗਲੀ ਜਾ ਸਕਦੇ ਹਨ। ਉਹ ਸਬੰਧਤ ਫੌਜੀ ਯੂਨਿਟ ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਵੀ ਗੱਲਬਾਤ ਕਰਨਗੇ। ਉਹ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਵੀ ਮਿਲਣਗੇ। ਉਪ ਰਾਜਪਾਲ ਮਨੋਜ ਸਿਨਹਾ ਵੀ ਉਨ੍ਹਾਂ ਦੇ ਨਾਲ ਰਹਿਣਗੇ। ਰੱਖਿਆ ਮੰਤਰੀ ਫੌਜ ਦੀ 16 ਕੋਰ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨਗੇ। ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਡੇਰਾ ਕੀ ਗਲੀ ‘ਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹਮਲੇ ਵਾਲੀ ਥਾਂ ‘ਤੇ ਤਿੰਨ ਪਿੰਡ ਵਾਸੀਆਂ ਦੀਆਂ ਲਾਸ਼ਾਂ ਮਿਲੀਆਂ, ਕੁਝ ਲੋਕਾਂ ਨੇ ਹਿਰਾਸਤੀ ਮੌਤ ਦਾ ਦੋਸ਼ ਲਗਾਇਆ। ਫੌਜ ਨੇ ਇਸ ਮਾਮਲੇ ‘ਚ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ। ਬ੍ਰਿਗੇਡੀਅਰ ਨੂੰ ਹਟਾਉਣ ਦੇ ਨਾਲ-ਨਾਲ ਤਿੰਨ ਹੋਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਸੁਰੱਖਿਆ ਬਲਾਂ ਨੇ ਜੰਗਲ ਦੇ ਵੱਡੇ ਇਲਾਕੇ ਨੂੰ ਘੇਰਿਆ

ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਹਮਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਵੱਡੇ ਖੇਤਰ ਨੂੰ ਘੇਰ ਲਿਆ ਗਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ, ਉੱਥੇ ਸੰਘਣੇ ਜੰਗਲ, ਡੂੰਘੇ ਟੋਏ ਅਤੇ ਨਾਲੇ ਹਨ। ਇਸ ਤੋਂ ਇਲਾਵਾ ਇਸ ਇਲਾਕੇ ‘ਚ ਕੁਝ ਥਾਵਾਂ ‘ਤੇ ਬਰਫਬਾਰੀ ਵੀ ਹੋਈ ਹੈ। ਡਰੋਨ ਅਤੇ ਸਨਿਫਰ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ।

ਚੌਥੇ ਦਿਨ ਵੀ ਬਹਾਲ ਨਹੀਂ ਹੋਈ ਮੋਬਾਈਲ ਇੰਟਰਨੈੱਟ ਸੇਵਾ

ਪੁਣਛ ‘ਚ ਅੱਤਵਾਦੀ ਹਮਲੇ ਅਤੇ ਤਿੰਨ ਪਿੰਡ ਵਾਸੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ‘ਚ ਪ੍ਰਸ਼ਾਸਨ ਵੱਲੋਂ ਬੰਦ ਕੀਤੀ ਗਈ ਮੋਬਾਈਲ ਇੰਟਰਨੈੱਟ ਸੇਵਾ ਮੰਗਲਵਾਰ ਨੂੰ ਚੌਥੇ ਦਿਨ ਵੀ ਬਹਾਲ ਨਹੀਂ ਹੋ ਸਕੀ। ਸਬੰਧਿਤ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਜਲਦੀ ਹੀ ਇਹ ਸੇਵਾ ਬਹਾਲ ਕਰ ਦਿੱਤੀ ਜਾਵੇਗੀ।