ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮੁੱਠਭੇੜ ‘ਚ ਮਾਰੇ ਗਏ ਗੈਂਗਸਟਰ ਸੁਖਦੇਵ ਸਿੰਘ ਉਰਫ ਵਿੱਕੀ ਦੇ ਸਬੰਧ ‘ਚ ਇਹ ਗੱਲ ਬਹੁਤ ਜ਼ਿਆਦਾ ਪ੍ਰਚਲਿਤ ਸੀ ਕਿ ਪਹਿਲੋਂ ਗੋਲ਼ੀ ਮਾਰਦਾ ਸੀ ਬਾਅਦ ਵਿੱਚ ਗੱਲ ਕਰਦਾ ਸੀ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਪੁਸ਼ਟੀ ਕੀਤੀ ਕਿ ਲੁਧਿਆਣਾ ਪੁਲਿਸ ਦੇ ਸੀਆਈਏ ਪੁਲਿਸ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ ਜਦੋਂ ਉਸ ਨੇ ਪੁਲਿਸ ਉੱਤੇ ਗੋਲ਼ੀ ਚਲਾਈ ਤੇ ਕਰਾਸ ਫਾਇਰਿੰਗ ਦੌਰਾਨ ਉਸ ਨੂੰ ਢੇਰ ਕਰ ਦਿੱਤਾ ਗਿਆ। ਮੁਲਜ਼ਮ ਖ਼ਿਲਾਫ਼ ਪੰਜਾਬ ਭਰ ਦੇ ਵੱਖ-ਵੱਖ ਥਾਣਿਆਂ ‘ਚ 28 ਅਪਰਾਧਿਕ ਕੇਸ ਦਰਜ ਹਨ। ਹਾਲ ਹੀ ‘ਚ ਮੁਲਜ਼ਮਾਂ ਨੇ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਮਿਲ ਕੇ ਜਮਾਲਪੁਰ ਵਿੱਚ ਇੱਕ ਕੈਮਿਸਟ, ਸਾਹਨੇਵਾਲ ‘ਚ ਵਾਈਨ ਸ਼ਾਪ ਦੇ ਕਰਮਚਾਰੀ ਤੇ ਲੁਧਿਆਣਾ ਵਿੱਚ ਇੱਕ ਮਨੀ ਚੇਂਜਰ ਨੂੰ ਲੁੱਟਿਆ ਤੇ ਗੋਲ਼ੀ ਮਾਰੀ ਸੀ। ਸੀਪੀ ਚਾਹਲ ਨੇ ਦੱਸਿਆ ਕਿ ਪੁਲਿਸ ਨੂੰ ਮੁਲਜ਼ਮਾਂ ਦੇ ਟਿਕਾਣੇ ਬਾਰੇ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਸੀਆਈਏ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਰਾਸ ਫਾਇਰਿੰਗ ਗੈਂਗਸਟਰ ਨੂੰ ਢੇਰ ਕਰ ਦਿੱਤਾ ਗਿਆ। ਮਾਛੀਵਾੜਾ ਦੇ ਰਹਿਣ ਵਾਲੇ ਮੁਲਜ਼ਮ ਨੇ ਸੀਆਈਏ ਇੰਸਪੈਕਟਰ ਬੇਅੰਤ ਜੁਨੇਜਾ ਤੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਦੀ ਅਗਵਾਈ ਵਾਲੀ ਸੀਆਈਏ-2 ਪੁਲਿਸ ਪਾਰਟੀ ‘ਤੇ ਪੰਜ ਗੋਲ਼ੀਆਂ ਚਲਾਈਆਂ ਸਨ। ਸੀਆਈਏ ਇੰਸਪੈਕਟਰ ਬੇਅੰਤ ਜੁਨੇਜਾ ਦਾ ਬਹੁਤ ਮੁਸ਼ਕਿਲ ਬਚਾਅ ਹੋਇਆ, ਉਨ੍ਹਾਂ ਦੀ ਛਾਤੀ ‘ਤੇ ਗੋਲ਼ੀ ਲੱਗੀ ਅਤੇ ਬੁਲੇਟ ਪ੍ਰੂਫ ਜੈਕਟ ਪਹਿਨੇ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਉਹਨਾਂ ਦੱਸਿਆ ਕਿ ਕੁਝ ਗੋਲ਼ੀਆਂ ਪੁਲਿਸ ਦੀ ਬੁਲੇਟ ਪਰੂਫ ਗੱਡੀ ‘ਤੇ ਲੱਗੀਆਂ ਅਤੇ ਪੁਲਿਸ ਮੁਲਾਜ਼ਮ ਦਲਜੀਤ ਸਿੰਘ ਵੀ ਗੋਲ਼ੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਸੀਪੀ ਨੇ ਕਿਹਾ ਕਿ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਮੁੱਠਭੇੜ ਦੇ ਦੌਰਾਨ ਕੁੱਲ 20 ਗੋਲ਼ੀਆਂ ਚੱਲੀਆਂ।
======
ਗੈਂਗਸਟਰਵਾਦ ਨੂੰ ਜੜੋ੍ਹਂ ਖ਼ਤਮ ਕਰਨ ਦੇ ਆਦੇਸ਼
ਇਸ ਮੌਕੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਆਖਿਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ। ਅਪਰਾਧੀ ਲੋਕ ਅਕਸਰ ਰਾਹਗੀਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਕੋਲੋਂ ਨਕਦੀ ਤੇ ਹੋਰ ਸਾਮਾਨ ਲੁੱਟ ਲੈਂਦੇ ਹਨ । ਬਦਮਾਸ਼ ਮਜ਼ਦੂਰ ਤਪਕੇ ਸਮੇਤ ਕਈ ਵੱਡੇ ਕਾਰੋਬਾਰੀਆਂ ਤੇ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ ਪੁਲਿਸ ਕਾਨੂੰਨ ਦੇ ਅਨੁਸਾਰ ਅਪਰਾਧੀਆਂ ਤੇ ਗੈਂਗਸਟਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦੀ ਰਹੇਗੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤੇ ਸ਼ਹਿਰ ‘ਚੋਂ ਕਾਨੂੰਨ ਅਨੁਸਾਰ ਗੈਂਗਸਟਰਵਾਦ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾਵੇਗਾ।


