ਰਾਕੇਸ਼ ਗਾਂਧੀ, ਜਲੰਧਰ

ਥਾਣਾ ਰਾਮਾਮੰਡੀ ਦੀ ਪੁਲਿਸ ਨੇ ਗਸ਼ਤ ਦੌਰਾਨ ਨਸ਼ਾ ਤਸਕਰ ਨੂੰ ਉਸ ਵੇਲੇ ਹੈਰੋਇਨ ਸਮੇਤ ਕਾਬੂ ਕਰ ਲਿਆ ਜਦ ਉਹ ਸ਼ਮਸ਼ਾਨਘਾਟ ਦੇ ਬਾਹਰ ਇਸ ਦੀ ਸਪਲਾਈ ਦੇਣ ਲਈ ਗਾਹਕ ਦੀ ਉਡੀਕ ਕਰ ਰਿਹਾ ਸੀ।

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਅਰੋੜਾ ਨੇ ਦੱਸਿਆ ਕਿ ਥਾਣੇ ਦੀ ਪੁਲਿਸ ਨੰਗਲਸ਼ਾਮਾ ਵੱਲ ਗਸ਼ਤ ਕਰ ਰਹੀ ਸੀ ਤਾਂ ਸ਼ਮਸ਼ਾਨਘਾਟ ਦੇ ਬਾਹਰ ਇੱਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ, ਜਿਸ ਦੇ ਹੱਥ ‘ਚ ਇਕ ਮੋਮੀ ਲਿਫਾਫਾ ਸੀ। ਪੁਲਿਸ ਪਾਰਟੀ ਨੇ ਜਦ ਉਸ ਦਾ ਨਾਂ ਪੁੱਿਛਆ ਤਾਂ ਉਹ ਵਾਰ-ਵਾਰ ਆਪਣਾ ਨਾਮ ਬਦਲ ਕੇ ਦੱਸ ਰਿਹਾ ਸੀ। ਪੁਲਿਸ ਨੂੰ ਉਸ ਕੋਲ ਕੋਈ ਨਸ਼ਾ ਹੋਣ ਦਾ ਸ਼ੱਕ ਹੋਇਆ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਥਾਣੇ ਤੋਂ ਸਬ ਇੰਸਪੈਕਟਰ ਅਰੁਣ ਕੁਮਾਰ ਨੂੰ ਮੌਕੇ ‘ਤੇ ਬੁਲਾਇਆ। ਜਿਨ੍ਹਾਂ ਦੀ ਮੌਜੂਦਗੀ ‘ਚ ਜਦ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਹੱਥ ‘ਚ ਫੜ੍ਹੇ ਮੋਮੀ ਲਫਾਫੇ ਵਿਚੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ‘ਤੇ ਉਸ ਨੌਜਵਾਨ ਦੀ ਪਛਾਣ ਹਿਮਾਂਸ਼ੂ ਵਾਸੀ ਰਵੀਦਾਸ ਕਾਲੋਨੀ ਵਜੋਂ ਹੋਈ ਹੈ, ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਲਈ ਅਦਾਲਤ ਵਿਚੋਂ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।