ਸੰਜੇ ਮਿਸ਼ਰ, ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ 2024 ’ਚ ਵਿਰੋਧੀ ਗਠਜੋੜ ਆਈਐੱਨਡੀਆਈਏ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਉੱਭਰਦੇ ਹੋਏ ਦਿਖਾਈ ਦੇ ਰਹੇ ਹਨ। ਆਈਐੱਨਡੀਆਈਏ ਦੀ ਚੌਥੀ ਬੈਠਕ ’ਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਦੇਸ਼ ਦੇ ਪਹਿਲੇ ਦਲਿਤ ਪ੍ਰਧਾਨ ਮੰਤਰੀ ਦੇ ਤੌਰ ’ਤੇ ਖੜਗੇ ਦੀ ਉਮੀਦਵਾਰੀ ਦਾ ਸੁਝਾਅ ਰੱਖਿਆ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਇਸ ਦੀ ਹਮਾਇਤ ਕੀਤੀ। ਹਾਲਾਂਕਿ ਖੜਗੇ ਨੇ ਸਭ ਤੋਂ ਪਹਿਲਾਂ ਚੋਣਾਂ ’ਚ ਗਠਜੋੜ ਦੀ ਜਿੱਤ ਲਈ ਕੰਮ ਕਰਨ ਤੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਦਾ ਫ਼ੈਸਲਾ ਨਤੀਜਿਆਂ ਤੋਂ ਬਾਅਦ ਕਰਨ ਦੀ ਗੱਲ ਕਹਿ ਕੇ ਸਾਫ਼ ਕਰ ਦਿੱਤਾ ਕਿ ਆਈਐੱਨਡੀਆਈਏ ਸਾਮੂਹਿਕ ਲੀਡਰਸ਼ਿਪ ’ਚ ਹੀ ਲੋਕ ਸਭਾ ਦੀ ਚੋਣ ਲੜੇਗਾ। ਬੈਠਕ ’ਚ ਗਠਜੋੜ ਦੀਆਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦਾ ਫ਼ੈਸਲਾ ਛੇਤੀ ਕਰ ਕੇ ਦਸੰਬਰ ਦੇ ਅਖੀਰ ਤੱਕ ਇਸ ਨੂੰ ਸਿਰੇ ਚੜ੍ਹਾਉਣ ਦੀ ਸਮਾਂ ਹੱਦ ਤੈਅ ਕਰਦੇ ਹੋਏ ਤੈਅ ਕੀਤਾ ਗਿਆ ਕਿ ਚੋਣਾਂ ਲਈ ਤਾਲਮੇਲ ਸੂਬਿਆਂ ਦੇ ਪੱਧਰ ’ਤੇ ਹੀ ਹੋਵੇਗਾ। ਗਠਜੋੜ ਦੀਆਂ ਸਾਂਝੀਆਂ ਰੈਲੀਆਂ ਤੇ ਵਿਰੋਧ ਮੁਜ਼ਾਹਰਿਆਂ ਦਾ ਦੇਸ਼ ਪੱਧਰੀ ਆਗਾਜ਼ ਕਰਨ ’ਤੇ ਵੀ ਸਹਿਮਤੀ ਬਣੀ।
ਪੰਜ ਸੂਬਿਆਂ ਦੀਆਂ ਚੋਣਾਂ ’ਚ ਕਾਂਗਰਸ ਦੇ ਕਮਜ਼ੋਰ ਪ੍ਰਦਰਸ਼ਨ ਦੇ ਪਿਛੋਕੜ ’ਚ ਤਿੰਨ ਮਹੀਨਿਆਂ ਬਾਅਦ ਹੋਈ ਆਈਐੱਨਡੀਆਈਏ ਦੀਆਂ 28 ਪਾਰਟੀਆਂ ਦੀ ਬੈਠਕ ’ਚ ਮਲਿਕਾਰਜੁਨ ਖੜਗੇ ਦੀ ਪੀਐੱਮ ਦੇ ਅਹੁਦੇ ਦੀ ਉਮੀਦਵਾਰੀ ਲਈ ਨਾਂ ਆਉਣਾ ਪਾਰਟੀ ਲਈ ਵੀ ਹੈਰਾਨ ਕਰਨ ਵਾਲਾ ਰਿਹਾ। ਖ਼ਾਸ ਤੌਰ ’ਤੇ ਇਹ ਦੇਖਦੇ ਹੋਏ ਕਿ ਕਾਂਗਰਸ ਨਾਲ ਕਈ ਵਾਰ ਤਿੱਖੀ ਅਸਹਿਮਤੀ ਪ੍ਰਗਟ ਕਰਨ ਤੋਂ ਗੁਰੇਜ਼ ਨਾ ਕਰਨ ਵਾਲੀ ਮਮਤਾ ਬੈਨਰਜੀ ਨੇ ਉਨ੍ਹਾਂ ਦਾ ਨਾਂ ਅੱਗੇ ਵਧਾਇਆ। ਬੈਠਕ ’ਚ ਮੌਜੂਦ ਵਿਰੋਧੀ ਧੜੇ ਦੇ ਨੇਤਾਵਾਂ ਵਾਇਕੋ, ਪੀਸੀ ਥਾਮਸ ਆਦਿ ਨੇ ਦੱਸਿਆ ਕਿ ਸਭ ਤੋਂ ਅਖ਼ੀਰ ’ਚ ਬੋਲੀ ਮਮਤਾ ਨੇ ਕਿਹਾ ਕਿ ਗਠਜੋੜ ਲਈ ਚੰਗਾ ਹੋਵੇਗਾ ਕਿ ਅਸੀਂ ਸਾਰੇ ਮਿਲ ਕੇ ਦੇਸ਼ ਦਾ ਪਹਿਲਾ ਦਲਿਤ ਪ੍ਰਧਾਨ ਮੰਤਰੀ ਬਣਾਈਏ। ਕੇਜਰੀਵਾਲ ਨੇ ਦੀਦੀ ਦੇ ਇਸ ਮਤੇ ’ਤੇ ਸਹਿਮਤੀ ਪ੍ਰਗਟਾਈ। ਇਸ ’ਤੇ ਖੜਗੇ ਨੇ ਕਿਹਾ ਕਿ ਦਲਿਤਾਂ ਦੀ ਭਲਾਈ ਤੇ ਵਿਕਾਸ ਲਈ ਕੰਮ ਕਰਦੇ ਰਹੇ ਹਾਂ ਪਰ ਪੀਐੱਮ ਉਮੀਦਵਾਰ ਤੈਅ ਕਰਨ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਹੈ ਕਿ ਆਈਐੱਨਡੀਆਈਏ ਦੀਆਂ ਪਾਰਟੀਆਂ ਮਿਲਕੇ ਚੋਣਾਂ ’ਚ ਜਿੱਤ ਹਾਸਲ ਕਰਨ ਤੇ ਫਿਰ ਪੀਐੱਮ ਤੈਅ ਕਰਨ।
ਬੈਠਕ ਤੋਂ ਬਾਅਦ ਮਮਤਾ ਵੱਲੋਂ ਪੀਐੱਮ ਦੇ ਅਹੁਦੇ ਦੀ ਉਮੀਦਵਾਰੀ ਲਈ ਉਨ੍ਹਾਂ ਦਾ ਨਾਂ ਅੱਗੇ ਕਰਨ ਦੇ ਪੱਤਰਕਾਰਾਂ ਦੇ ਸਵਾਲ ’ਤੇ ਖੜਗੇ ਨੇ ਕਿਹਾ ਕਿ ਪਹਿਲਾਂ ਸਾਰੇ ਲੋਕ ਜਿੱਤ ਕੇ ਆਉਣ ਤੇ ਜਿੱਤਣ ਤੋਂ ਬਾਅਦ ਲੋਕਤੰਤਰੀ ਪ੍ਰਕਿਰਿਆ ਨਾਲ ਅਸੀਂ ਇਸ ਦਾ ਫ਼ੈਸਲਾ ਕਰਾਂਗੇ। ਜਦੋਂ ਸੰਸਦ ਮੈਂਬਰ ਹੋਣਗੇ ਤਾਂ ਪੀਐੱਮ ਦੇ ਅਹੁਦੇ ਦੀ ਗੱਲ ਹੋਵੇਗੀ ਨਹੀਂ ਤਾਂ ਇਸ ਦੀ ਗੱਲ ਕਰਨ ਦਾ ਕੀ ਫ਼ਾਇਦਾ? ਥਾਮਸ ਨੇ ਕਿਹਾ ਕਿ ਕਿਸੇ ਨੇ ਪੀਐੱਮ ਉਮੀਦਵਾਰੀ ’ਤੇ ਕੋਈ ਟੀਕਾ-ਟਿੱਪਣੀ ਨਹੀਂ ਕੀਤੀ। ਭਾਈਵਾਲ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦਾ ਫ਼ੈਸਲਾ ਸੂਬਾਵਾਰ ਕਰਨ ’ਤੇ ਬਣੀ ਸਹਿਮਤੀ ਦੀ ਚਰਚਾ ਕਰਦੇ ਹੋਏ ਖੜਗੇ ਨੇ ਕਿਹਾ ਕਿ ਜਿੱਥੇ ਦਿੱਕਤ ਹੋਵੇਗੀ, ਉੱਥੇ ਆਈਐੱਨਡੀਆਈਏ ਦੇ ਸਿਖਰਲੇ ਨੇਤਾ ਦਖ਼ਲ ਦੇਣਗੇ। ਉਨ੍ਹਾਂ ਨੇ ਦਿੱਲੀ, ਪੰਜਾਬ ਸਮੇਤ ਕੁਝ ਸੂਬਿਆਂ ’ਚ ਗਠਜੋੜ ਦੇ ਮਸਲੇ ਦੀ ਚਰਚਾ ਵੀ ਕੀਤੀ ਤੇ ਕਿਹਾ ਕਿ ਸੂਬਾ ਇਕਾਈਆਂ ਨਾਲ ਚਰਚਾ ਕਰ ਕੇ ਇਸ ਨੂੰ ਹੱਲ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਬੈਠਕ ’ਚ ਕੇਜਰੀਵਾਲ ਨੇ ਸੀਟਾਂ ਦੀ ਵੰਡ ਬਾਰੇ ਕਾਂਗਰਸ ਵਰਗੀ ਵੱਡੀ ਪਾਰਟੀ ਵੱਲੋਂ ਵੱਡਾ ਦਿਲ ਦਿਖਾਏ ਜਾਣ ਦੀ ਜ਼ਰੂਰਤ ਦੱਸੀ ਤੇ ਕਿਹਾ ਕਿ ਉਸ ਨੂੰ ਗਠਜੋੜ ਦੀ ਅਗਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਛੋਟੀਆਂ ਪਾਰਟੀਆਂ ਦੇ ਹਿੱਤ ਵੀ ਦੇਖਣੇ ਪੈਣਗੇ। ਮਮਤਾ ਨੇ ਕਾਂਗਰਸ ਨੂੰ ਸੀਟਾਂ ਦੀ ਵੰਡ 31 ਦਸੰਬਰ ਤੱਕ ਅੰਤਿਮ ਰੂਪ ਦੇਣ ਦੀ ਗੱਲ ਕਹੀ। ਕਾਂਗਰਸ ਦੇ ਸੰਗਠਨ ਜਰਨਲ ਸਕੱਤਰ ਕੇਸੀ ਵੇਣੂਗੋਪਾਲ ਨੇ ਡੈੱਡਲਾਈਨ ਵਰਗੀ ਗੱਲ ਟਾਲ ਦਿੱਤੀ ਪਰ ਇਹ ਜ਼ਰੂਰ ਕਿਹਾ ਕਿ ਬਹੁਤ ਛੇਤੀ ਸੀਟਾਂ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਇਸੇ ਹਫ਼ਤੇ ਕੁਝ ਸੂਬਿਆਂ ’ਚ ਗੱਲਬਾਤ ਅੱਗੇ ਵਧੇਗੀ।
ਵਿਰੋਧੀ ਗਠਜੋੜ ਦਾ ਸਾਂਝਾ ਰਣਨੀਤਕ ਪ੍ਰੋਗਰਾਮ ਨਾ ਹੋਣ ਕਾਰਨ ਜਨਤਾ ਵਿਚਕਾਰ ਇਕਜੁੱਟਤਾ ਦਾ ਪੁਖਤਾ ਸੰਦੇਸ਼ ਨਹੀਂ ਜਾ ਰਿਹਾ। ਇਸ ਨੂੰ ਦੂਰ ਕਰਨ ਲਈ ਹੀ ਆਉਣ ਵਾਲੇ ਦਿਨਾਂ ’ਚ ਅੱਠ-ਦਸ ਸਾਂਝੀਆਂ ਰੈਲੀਆਂ ’ਤੇ ਸਹਿਮਤੀ ਬਣੀ, ਤਾਂ ਜੋ ਆਈਐੱਨਡੀਆਈਏ ਦੇ ਸਿਖਰਲੇ ਨੇਤਾ ਇਕ ਮੰਚ ’ਤੇ ਆ ਕੇ ਇਕਜੁੱਟ ਮਜ਼ਬੂਤ ਲੜਾਈ ਦਾ ਸੰਦੇਸ਼ ਦੇ ਸਕਣ।


