ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ‘ਚ ਆਪਣੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਬਣੇ ਹੋਏ ਤੇਜ਼ ਤਰਾਰ, ਬੜਬੋਲੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਛੁੱਟੀ ਕਰ ਦਿੱਤੀ ਹੈ। ਕਹਿੰਦੇ ਹਨ ਜਿਹੜੇ ਆਪਣੀਆਂ ਗ਼ਲਤੀਆਂ ਤੋਂ ਸਬਕ ਨਹੀਂ ਲੈਂਦੇ, ਉਹ ਇਤਿਹਾਸ ਤੋਂ ਮਿਟ ਜਾਂਦੇ ਹਨ। ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈ ਕਮਾਂਡ, ਭਾਵ ਦਿੱਲੀ ਦੇ ਆਗੂਆਂ ਨੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾ ਕੇ ਰੱਖਣ ਦੀ ਆਪਣੀ ਸੋਚ ਦਾ ਪਹਿਲਾ ਹੀ ਵੱਡਾ ਮੁੱਲ ਤਾਰ ਲਿਆ ਹੈ, ਜੇ ਦਿੱਲੀ ਦੇ ਆਗੂ, ਪੰਜਾਬ ਨੂੰ ਪੰਜਾਬੀਆਂ ਦੇ ਹਵਾਲੇ ਰਹਿਣ ਦਿੰਦੇ ਤਾਂ ਅੱਜ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਸੀ। ਪ੍ਰੰਤੂ ਉਦੋਂ ਵੀ ਆਪ ਦੇ ਆਗੂਆਂ ਨੇ ਪੰਜਾਬ ਦੇ ਇਤਿਹਾਸ ਤੋਂ ਕੋਈ ਸਬਕ ਲੈਣ ਦਾ ਯਤਨ ਨਹੀਂ ਕੀਤਾ ਸੀ। ਇਤਿਹਾਸ ਇਹ ਗੱਲ ਚੀਖ਼-ਚੀਖ਼ ਕੇ ਦੱਸਦਾ ਹੈ ਕਿ ਪੰਜਾਬ, ਦਿੱਲੀ ਦੀ ਈਨ ਨਹੀਂ ਮੰਨਦਾ। ਇਹ ਦਿੱਲੀ ਅੱਗੇ ਸਿਰ ਨਹੀਂ ਝੁਕਾਉਂਦਾ। ਹੁਣ ਜਦੋਂ ਦਿੱਲੀ ਦੇ ਆਪ ਵਾਲਿਆਂ ਨੂੰ ਸੁਖਪਾਲ ਖਹਿਰਾ, ਆਪਣੇ ‘ਚ ਕਾਬੂ ਤੋਂ ਬਾਹਰ ਦਿੱਸਿਆ ਤਾਂ ਉਹਨਾਂ ਨੇ ਸੁਖਪਾਲ ਖਹਿਰਾ ਦੇ ਵੱਧਦੇ ਕੱਦ ਦਾ ਕਤਲੇਆਮ ਕਰ ਦਿੱਤਾ। ਜਿਹੜਾ ਕੇਜਰੀਵਾਲ, ਲੋਕਤੰਤਰ ਦੀ ਦੁਹਾਈ ਦਿੰਦਾ ਹੈ, ਪ੍ਰੰਤੂ ਅਸਲ ‘ਚ ਜ਼ਾਲਮ ਡਿਕਟੇਟਰ ਹੈ। ਉਸਨੇ ਡਿਕਟੇਟਰਾਨਾ ਕਾਰਵਾਈ ਕਰਦਿਆਂ ਬਿਨ੍ਹਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਦੀ ਮੀਟਿੰਗ ਬੁਲਾਇਆ, ਉਹਨਾਂ ਦੀ ਸਲਾਹ ਪੁੱਛਿਆ, ਸੁਖਪਾਲ ਖਹਿਰਾ ਦਾ ਝਟਕਾ ਕਰ ਦਿੱਤਾ। ਆਮ ਆਦਮੀ ਪਾਰਟੀ ਪਹਿਲਾ ਹੀ ਪੰਜਾਬ ‘ਚੋਂ ਖ਼ਾਤਮੇ ਦੇ ਰਾਹ ਤੁਰੀ ਹੋਈ ਹੈ, ਰਹਿੰਦੀ-ਖੂੰਹਦੀ ਕਸਰ, ਖਹਿਰੇ ਵਾਲੇ ਫੈਸਲੇ ਨੇ ਕੱਢ ਛੱਡੀ ਹੈ।
ਅਸੀਂ 2017 ਦੀਆਂ ਚੋਣਾਂ ਸਮੇਂ ਵੀ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਆਪਣੇ ਗ਼ੁਲਾਮ ਸਮਝਣ ਦਾ ਵਹਿਮ ਪਾਲ ਬੈਠੀ ਹੈ, ਜਿਹੜਾ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ। ਉਹੋ ਕੁੱਝ ਵਾਪਰ ਰਿਹਾ ਹੈ, ਦਿੱਲੀ ਵਾਲਿਆਂ ਦੀ ਇਸ ਮਾੜੀ ਸੋਚ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਤੀਜੇ ਬਦਲ ਦੀ ਭਾਵਨਾ ਨੂੰ ਕਰਾਰਾ ਝਟਕਾ ਦਿੱਤਾ ਹੈ। ਬਾਦਲਕੇ ਤੇ ਕਾਂਗਰਸ, ਦੋਵਾਂ ਤੋਂ ਪੰਜਾਬ ਦੇ ਲੋਕ ਡਾਢੇ ਨਿਰਾਸ਼ ਹਨ। ਬਾਦਲਕਿਆਂ ਪ੍ਰਤੀ ਰੋਹ ਤਾਂ ਹਾਲੇ ਵੀ ਠੰਡਾ ਨਹੀਂ ਹੋਇਆ। ਕੈਪਟਨ ਦੇ ਡੇਢ ਸਾਲ ਦੇ ਰਾਜ ਨੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਉਹਨਾਂ ਲਈ ਬਾਦਲਾਂ ਦੇ ਰਾਜ ‘ਤੇ ਕੈਪਟਨ ਦੇ ਰਾਜ ਵਿੱਚ ਬੁਹਤਾ ਫ਼ਰਕ ਨਹੀਂ। ਇਸ ਲਈ ਪੰਜਾਬ ਦੇ ਲੋਕ ਜੇ ਆਮ ਆਦਮੀ ਪਾਰਟੀ ਪਿਛਲੀਆਂ ਗ਼ਲਤੀਆਂ ਦੀ ਮੁਆਫ਼ੀ ਮੰਗ ਕੇ ਅੱਗੋਂ ਪੰਜਾਬ ਦੇ ਲੋਕਾਂ ਅਨੁਸਾਰ ਤੁਰਨ ਦੀ ਹਾਮੀ ਭਰਦੀ ਤਾਂ ਹੋ ਸਕਦਾ ਸੀ ਉਸ ਉੱਤੇ ਮੁੜ ਭਰੋਸਾ ਕਰਨ ਦੀ ਸੋਚਣ ਲੱਗਦੇ। ਪ੍ਰੰਤੂ ਆਪ ਦੀ ਹੈਂਕੜਬਾਜ਼ੀ ਤੇ ਪੰਜਾਬੀਆਂ ਨੂੰ ‘ਐਵੇ ਸਮਝਣ ਦੀ ਹੈਂਕੜੀ’ ਸੋਚ ਕਾਰਨ ਪੰਜਾਬ ‘ਚ ਆਪ ਨੂੰ ਕਬਰ ਵਿੱਚ ਦਫ਼ਨਾ ਦਿੱਤਾ ਗਿਆ ਹੈ। ਕਾਂਗਰਸ ਨਾਲ ਸਮਝੌਤੇ ਦੀ ਸੰਭਾਵਨਾ ਨੇ ਆਪ ਦੇ ਆਗੂਆਂ ਦੀ ਗਿਣਤੀ-ਮਿਣਤੀ ਨੂੰ ਗੜਬੜਾ ਦਿੱਤਾ ਹੈ। ਉਹਨਾਂ ਨੂੰ ਜਾਪਦਾ ਹੈ ਕਿ ਕਾਂਗਰਸ ਨਾਲ ਸਮਝੌਤੇ ਕਾਰਨ ਲੋਕ ਸਭਾ ਦੀਆਂ ਉਸਦੇ ਖਾਤੇ 2-3 ਸੀਟਾਂ ਤਾਂ ਵੱਟ ਤੇ ਪਈਆਂ ਹਨ। ਪ੍ਰੰਤੂ ‘ਮੁੰਨੀ ਦੇ ਮਾਪੇ’ ਕੀ ਦੇਣਗੇ, ਇਹ ਤਾਂ ਖੱਟ ‘ਤੇ ਹੀ ਪਤਾ ਲੱਗਦਾ ਹੈ, ਜਿਸ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਪਾਰਟੀ ‘ਚ ਧੜੇਬੰਦੀ ਪੈਦਾ ਕਰਵਾਏ ਤੇ ਫ਼ਿਰ ਉਸਨੂੰ ਉਤਸ਼ਾਹਿਤ ਕਰੇ ਤਾਂ ਉਸ ਪਾਰਟੀ ਨੂੰ ਕੌਣ ਬਚਾ ਸਕਦਾ ਹੈ?
ਅਸੀਂ ਸੁਖਪਾਲ ਖਹਿਰਾ ਦੇ ਹਮਾਇਤੀ ਨਹੀਂ। ਪ੍ਰੰਤੂ ਜਿਸ ਤਰ੍ਹਾਂ ਉਸਨੂੰ ਭ੍ਰਿਸ਼ਟ ਤਾਕਤਾਂ ਨਾਲ ਖੁਲ ਕੇ ਲੜਣ ਦੀ ਸਜ਼ਾ ਦਿੱਤੀ ਗਈ ਹੈ। ਉਸਦਾ ਵਿਰੋਧ ਜ਼ਰੂਰ ਕਰਦੇ ਹਾਂ। ਪੰਜਾਬ ਵਿੱਚ ਵਿਧਾਨ ਸਭਾ ਬਣੀ ਨੂੰ ਸਿਰਫ਼ 16 ਕੁ ਮਹੀਨੇ ਹੋਏ ਹਨ ਤੇ ਆਮ ਆਦਮੀ ਪਾਰਟੀ ਨੇ ਆਪਣਾ ਤੀਸਰਾ ਆਗੂ ਬਦਲ ਲਿਆ ਹੈ। ਜੇ ਇਹਨਾਂ ਦੀ ਸਰਕਾਰ ਆ ਜਾਂਦੀ ਤਾਂ ਫ਼ਿਰ ਕੀ ਹੁੰਦਾ? ਸੁਖਪਾਲ ਖਹਿਰਾ ਨੂੰ ਅਸੀਂ ਇਹ ਜ਼ਰੂਰ ਯਾਦ ਕਰਵਾਵਾਂਗੇ ਕਿ ਜਿਹੜਾ ਆਗੂ, ਆਪਣੇ ਸਟੈਂਡ ਤੋਂ ਥਿੜਕ ਜਾਂਦਾ ਹੈ ਫ਼ਿਰ ਉਸਦਾ ਝਟਕਾ ਵੀ ਜ਼ਰੂਰ ਹੁੰਦਾ ਹੈ। ਜੇ ਸੁਖਪਾਲ ਖਹਿਰਾ ਆਪਣੇ ਸਟੈਂਡ ‘ਤੇ ਡੱਟਿਆ ਰਹਿੰਦਾ ਤੇ ਖ਼ੁਦ ਦਿੱਲੀ ਜਾਣਦੀ ਥਾਂ ਆਪਣਾ ਅਸਤੀਫ਼ਾ ਭੇਜ ਦਿੰਦਾ ਤਾਂ ਪੰਜਾਬ ਦੀ ਸਿਆਸਤ ‘ਚ ਉਸਦਾ ਮੁਕਾਮ ਵੱਖਰਾ ਹੋਣਾ ਸੀ। ਜੇ ਅਹੁੱਦਾ ਤੇ ਰੁਤਬਾ ਤੁਹਾਡੀ ਕਮਜ਼ੋਰੀ ਬਣ ਜਾਂਦਾ ਹੈ ਤਾਂ ਤੁਹਾਨੂੰ ਸਿਖ਼ਰ ਤੋਂ ਭੁੰਜੇ ਸੁੱਟ ਸਕਦਾ ਹੈ। ਅਸੀਂ ਆਪ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨੂੰ ਝੁਕਾਅ ਕੇ ਰੱਖਣ ਦੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਪਾਰਟੀ ਇਕ ਵਾਰ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰ ਲਵੇ।-ਰੋਜ਼ਾਨਾ ਪਹਿਰੇਦਾਰ
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


