ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਹ ਜਨਹਿੱਤ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ਵਿਚ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ’ਚ ਉੱਤਰ ਪ੍ਰਦੇਸ਼ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਮਥੁਰਾ ’ਚ ਕ੍ਰਿਸ਼ਨ ਜਨਮ ਅਸਥਾਨ ਐਕਵਾਇਰ ਕਰ ਕੇ ਉਸ ਨੂੰ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਨ ਲਈ ਹਿੰਦੂਆਂ ਨੂੰ ਸੌਂਪ ਦੇਵੇ। ਹਾਈ ਕੋਰਟ ਨੇ ਵੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।

ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਹਾਈ ਕੋਰਟ ਦੇ 11 ਅਕਤੂਬਰ, 2023 ਦੇ ਆਦੇਸ਼ ਖ਼ਿਲਾਫ਼ ਅਪੀਲ ਖ਼ਾਰਜ ਕਰਦਿਆਂ ਕਿਹਾ ਕਿ ਇਹ ਮੁੱਦਾ ਪਹਿਲਾਂ ਹੀ ਹਾਈ ਕੋਰਟ ਕੋਲ ਪੈਂਡਿੰਗ ਹੈ। ਮੁਕੱਦਮਿਆਂ ਦੀ ਗਿਣਤੀ ਨਾ ਵਧਾਓ। ਪਟੀਸ਼ਨਕਰਤਾ ਮਹਿਕ ਮਹੇਸ਼ਵਰੀ ਦੇ ਵਕੀਲ ਨੇ ਕਿਹਾ ਕਿ ਹਾਈ ਕੋਰਟ ਨੇ ਜਨਹਿੱਤ ਪਟੀਸ਼ਨ ਨੂੰ ਇਸ ਆਧਾਰ ’ਤੇ ਖ਼ਾਰਜ ਕਰ ਦਿੱਤਾ ਕਿ ਮੁਕੱਦਮੇ ਲਟਕੇ ਹਨ। ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ, ਇਸੇ ਲਈ ਹਾਈ ਕੋਰਟ ਨੇ ਇਸ ਨੂੰ ਖ਼ਾਰਜ ਕਰ ਦਿੱਤਾ। ਬੈਂਚ ਨੇ ਕਿਹਾ ਕਿ ਅਸੀਂ ਫ਼ੈਸਲੇ ’ਚ ਦਖ਼ਲ ਦੇਣ ਦੇ ਚਾਹਵਾਨ ਨਹੀਂ ਹਾਂ ਤੇ ਇਸ ਲਈ ਐੱਸਐੱਲਪੀ ਖ਼ਾਰਜ ਕੀਤੀ ਜਾਂਦੀ ਹੈ। ਅਸੀਂ ਸਪੱਸ਼ਟ ਕਰਦੇ ਹਾਂ ਕਿ ਐੱਸਐੱਲਪੀ ਨੂੰ ਖ਼ਾਰਜ ਕਰਨਾ ਕਿਸੇ ਵੀ ਕਾਨੂੰਨ ਦੀਆਂ ਸ਼ਕਤੀਆਂ ਨੂੰ ਚੁਣੌਤੀ ਦੇਣ ਦੀਆਂ ਧਿਰਾਂ ਦੇ ਅਧਿਕਾਰ ’ਤੇ ਟਿੱਪਣੀ ਨਹੀਂ ਹੈ ਤੇ ਨਾ ਹੀ ਕਿਸੇ ਪੱਖ ਨੂੰ ਕਿਸੇ ਵੀ ਐਕਟ ਦੀਆਂ ਸ਼ਕਤੀਆਂ ਨੂੰ ਚੁਣੌਤੀ ਦੇਣ ਤੋਂ ਰੋਕਣਾ ਹੈ।

ਮਹੇਸ਼ਵਰੀ ਨੇ ਆਪਣੀ ਜਨਹਿੱਤ ਪਟੀਸ਼ਨ ’ਚ ਕਿਹਾ ਸੀ ਕਿ ਉਹ ਕੱਟੜ ਹਿੰਦੂ ਹਨ ਤੇ ਪ੍ਰਾਰਥਨਾ ਕਰਦੇ ਹਨ ਕਿ ਪੂਜਾ ਦੇ ਉਨ੍ਹਾਂ ਦੇ ਮੌਲਿਕ ਅਧਿਕਾਰ ਦੀ ਸੁਰੱਖਿਆ ਕੀਤੀ ਜਾਵੇ। ਹਾਈ ਕੋਰਟ ਸਾਹਮਣੇ ਉਨ੍ਹਾਂ ਦੀ ਜਨਹਿੱਤ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਕ੍ਰਿਸ਼ਨ ਜਨਮ ਭੂਮੀ ਦੀ ਅਸਲੀ ਥਾਂ ’ਤੇ ਸ਼ਾਹੀ ਈਦਗਾਹ ਮਸਜਿਦ ਸਥਿਤ ਹੈ, ਉਸ ਨੂੰ ਸੂਬਾ ਸਰਕਾਰ ਨੂੰ ਐਕਵਾਇਰ ਕਰਨਾ ਚਾਹੀਦਾ ਹੈ ਤੇ ਕ੍ਰਿਸ਼ਨ ਜਨਮ ਅਸਥਾਨ ’ਤੇ ਭਗਵਾਨ ਕ੍ਰਿਸ਼ਨ ਵਿਰਾਜਮਾਨ ਦੀ ਪੂਜਾ ਲਈ ਹਿੰਦੂਆਂ ਨੂੰ ਸੌਂਪ ਦੇਣਾ ਚਾਹੀਦਾ ਹੈ।