ਸਟਾਫ ਰਿਪੋਰਟਰ, ਖੰਨਾ : 15 ਤੋਂ 21 ਨਵੰਬਰ ਤਕ ਮਨਾਏ ਜਾ ਰਹੇ ਕੌਮੀ ਨਵਜੰਮੇ ਬੱਚਿਆਂ ਦੀ ਸਿਹਤ ਹਫਤੇ ਸਬੰਧੀ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠ ਸੀਐੱਚਸੀ ਮਾਨੂੰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਐੱਸਐੱਮਓ ਡਾ. ਰਵੀ ਦੱਤ ਨੇ ਕਿਹਾ ਹਰ ਸਾਲ ਹੋ ਰਹੀਆਂ ਨਵਜੰਮੇ ਬੱਚਿਆਂ ਦੀ ਮੌਤਾਂ ‘ਚੋਂ ਜ਼ਿਆਦਾਤਰ ਮੌਤਾਂ ਨੂੰ ਸਹੀ ਸਿਹਤ ਸੰਭਾਲ ਨਾਲ ਰੋਕਿਆ ਜਾ ਸਕਦਾ ਹੈ।
ਬੱਚੇ ਦੀ ਸਹੀ ਸਿਹਤ ਸੰਭਾਲ ਲਈ ਖੁਰਾਕ ਸਭ ਤੋਂ ਜ਼ਰੂਰੀ ਹੁੰਦੀ ਹੈ।
ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਆਉਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਲਈ ਅੰਮਿ੍ਤ ਸਮਾਨ ਹੁੰਦਾ ਹੈ ਜੋ ਉਸ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਸਿਹਤ ਵਿਭਾਗ ਵੱਲੋਂ ਬੱਚਿਆਂ ਦਾ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਬੀਈਈ ਗੁਰਦੀਪ ਸਿੰਘ ਨੇ ਕਿਹਾ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਹਫਤੇ ਦੌਰਾਨ ਆਸ਼ਾ ਵੱਲੋਂ ਨਵਜਨਮੇ ਬੱਚਿਆਂ ਦਾ ਘਰਾਂ ‘ਚ ਦੌਰਾ ਕਰਕੇ ਖਾਸ ਕਰਕੇ ਘੱਟ ਭਾਰ ਵਾਲੇ ਬੱਚੇ ਤੇ ਬਿਮਾਰ ਬੱਚਿਆਂ ਦੀ ਜਾਂਚ ਕੀਤੀ ਜਾਵੇਗੀ।
ਇਸ ਦੇ ਨਾਲ-ਨਾਲ ਮਾਪਿਆਂ ਨਾਲ ਬੱਚਿਆਂ ਦੀ ਸੰਭਾਲ ਸਬੰਧੀ ਕਾਉਂਸਿਲੰਗ ਵੀ ਕੀਤੀ ਜਾਵੇਗੀ। ਇਸ ਮੌਕੇ ਰਣਜੀਤ ਕੌਰ, ਅਰੁਣਦੀਪ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਹਰਜੀਤ ਕੌਰ ਆਦਿ ਹਾਜ਼ਰ ਸਨ।


