ਧੰਜਲ/ਰਛੀਨ, ਰਾਏਕੋਟ: ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਦੋ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਗੋਲ਼ੀ ਮਾਰ ਕੇ ਕਤਲ ਕੀਤੇ ਨੌਜਵਾਨ ਜਗਰਾਜ ਸਿੰਘ ਰਾਜ ਦੀ ਦੇਹ ਐਤਵਾਰ ਨੂੰ ਰਾਏਕੋਟ ਦੇ ਪਿੰਡ ਨੱਥੋਵਾਲ ਪੁੱਜੀ ਜਿੱਥੇ ਬੇਹੱਦ ਗਮਗੀਨ ਮਾਹੌਲ ’ਚ ਉੁਸ ਦਾ ਸਸਕਾਰ ਕੀਤਾ ਗਿਆ।ਅੰਤਿਮ ਸੰਸਕਾਰ ਤੋਂ ਪਹਿਲਾਂ ਭੈਣਾਂ ਵੱਲੋਂ ਰਾਜ ਦੇ ਸਿਰ ‘ਤੇ ਸਿਹਰਾ ਸਜਾਇਆ ਗਿਆ।
ਜਗਰਾਜ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਬਿਹਤਰ ਭਵਿੱਖ ਦੀ ਭਾਲ ਲਈ ਕੈਨੇਡਾ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 16 ਨਵੰਬਰ ਨੂੰ ਉਸ ਨੂੰ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਦੋ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਮਦਦ ਨਾਲ ਉਸ ਦੀ ਦੇਹ ਨੂੰ ਪਿੰਡ ਨੱਥੋਵਾਲ ਲਿਆਂਦਾ ਗਿਆ ਜਿੱਥੇ ਉਸ ਦਾ ਨਮ ਅੱਖਾਂ ਨਾਲ ਗਮਗੀਨ ਮਾਹੌਲ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਮ੍ਰਿਤਕ ਜਗਰਾਜ ਬਾਰੇ ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਬੇਸ਼ੱਕ ਐੱਨਆਰਆਈਜ਼ ਦੇ ਸਹਿਯੋਗ ਸਦਕਾ ਜਗਰਾਜ ਸਿੰਘ ਰਾਜ ਦੀ ਦੇਹ ਨੂੰ ਭਾਰਤ ਲਿਆਂਦਾ ਗਿਆ ਹੈ ਪ੍ਰੰਤੂ ਕਿਸੇ ਵੀ ਪਾਰਟੀ ਦੇ ਰਾਜਨੀਤਕ ਲੀਡਰ ਜਾਂ ਸਰਕਾਰ ਵੱਲੋਂ ਪਰਿਵਾਰ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ।


