ਸਿਓਲ (ਏਪੀ) : ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਸ਼ੁੱਕਰਵਾਰ ਨੂੰ ਯੂਰੀ ਗਾਗਰਿਨ ਏਵੀਏਸ਼ਨ ਪਲਾਂਟ ਤੇ ਯਾਕੋਵਲੋਵ ਪਲਾਂਟ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੂਸੀ ਫਾਈਟਰ ਜੈੱਟ ਨੂੰ ਕਾਫ਼ੀ ਨੇੜਿਓਂ ਪਰਖਿਆ। ਇਸ ਬਾਰੇ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਉਹ ਸੁਖੋਈ-57 ਦੇ ਕਾਕਪਿਟ ਸਮੇਤ ਜਹਾਜ਼ ਦੇ ਹੋਰ ਹਿੱਸਿਆਂ ਦਾ ਨਿਰੀਖਣ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਾਇਲਟ ਨਾਲ ਹੱਥ ਵੀ ਮਿਲਾਇਆ। ਉਨ੍ਹਾਂ ਨੇ ਸੁਖੋਈ-57 ਦੀ ਅਸੈਂਬਲੀ ਵਰਕਸ਼ਾਪ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਲਈ ਸੁਖੋਈ-35 ਦੀ ਉਡਾਣ ਦਾ ਪ੍ਰਦਰਸ਼ਨ ਕੀਤਾ ਗਿਆ। ਕੋਮਸੋਮੋਲਸਕ-ਆਨ-ਅਮੂਰ ਸ਼ਹਿਰ ’ਚ ਸਥਿਤ ਰੂਸ ਦੇ ਫਾਈਟਰ ਜੈੱਟ ਨਿਰਮਾਣ ਫੈਕਟਰੀ ਨੂੰ ਲੈ ਕੇ ਪੱਛਮ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਕਿਮ ਦੇ ਪਿਤਾ ਕਿਮ ਜੋਂਗ-2 ਨੇ ਵੀ ਇਸ ਨਿਰਮਾਣ ਫੈਕਟਰੀ ਦਾ ਦੌਰਾ ਕੀਤਾ ਸੀ।

ਕਿਮ ਨੇ ਉਸ ਕੇਂਦਰ ਦਾ ਵੀ ਦੌਰਾ ਕੀਤਾ ਜਿੱਥੇ ਯਾਤਰੀ ਜਹਾਜ਼ ਸੁਖੋਈ ਐੱਸਜੇ-100 ਦਾ ਉਤਪਾਦਨ ਹੁੰਦਾ ਹੈ। ਇਸ ਦੌਰਾਨ ਉਪ ਪ੍ਰਧਾਨ ਮੰਤਰੀ ਡੈਨਿਸ ਮੰਟੂਰੋਵ ਤੇ ਗਵਰਨਰ ਆਦਿ ਮੌਜੂਦ ਰਹੇ। ਮੰਟੂਰੋਵ ਨੇ ਕਿਹਾ ਕਿ ਅਸੀਂ ਉੱਤਰੀ ਕੋਰੀਆ ਦੇ ਆਗੂ ਨੂੰ ਆਪਣੇ ਪ੍ਰਮੁੱਖ ਜਹਾਜ਼ ਨਿਰਮਾਣ ਸਮੇਤ ਹੋਰ ਉੱਦਮਾਂ ’ਚ ਇਕ-ਦੂਜੇ ਦੇ ਸਹਿਯੋਗ ਲਈ ਥਾਂ ਤਲਾਸ਼ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪੁਤਿਨ ਨੂੰ ਹਥਿਆਰ ਸਪਲਾਈ ਦੇ ਬਦਲੇ ਕਿਮ ਆਪਣੀ ਹਵਾਈ ਫ਼ੌਜ ਤੇ ਜਲ ਸੈਨਾ ਨੂੰ ਉੱਨਤ ਕਰਨ ’ਚ ਰੂਸ ਦੀ ਮਦਦ ਚਾਹ ਰਿਹਾ ਹੈ। ਇਹ ਆਪਣੇ ਮੁਕਾਬਲੇਬਾਜ਼ ਦੱਖਣੀ ਕੋਰੀਆ ਤੋਂ ਪਿੱਛੇ ਹੈ, ਕਿਉਂਕਿ ਕਿਮ ਨੇ ਆਪਣੇ ਜ਼ਿਆਦਾਤਰ ਪਰਮਾਣੂ ਵਸੀਲੇ ਪਰਮਾਣੂ ਪ੍ਰੋਗਰਾਮ ’ਚ ਲਗਾ ਦਿੱਤੇ ਹਨ।