ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਨੇ ਆਖ਼ਰਕਾਰ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਸੱਦਾ ਠੁਕਰਾ ਦਿੱਤਾ ਹੈ। ਹੁਣ 22 ਜਨਵਰੀ ਨੂੰ ਅਯੁੱਧਿਆ ’ਚ ਹੋਣ ਵਾਲੇ ਇਸ ਪ੍ਰੋਗਰਾਮ ’ਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਲੋਕ ਸਭਾ ’ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ’ਚੋਂ ਕੋਈ ਵੀ ਨੇਤਾ ਸ਼ਾਮਿਲ ਨਹੀਂ ਹੋਵੇਗਾ। ਪਾਰਟੀ ਨੇ ਬੁੱਧਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰ ਕੇ ਸਨਮਾਨ ਸਹਿਤ ਇਹ ਸੱਦਾ ਪ੍ਰਵਾਨ ਨਾ ਕਰਨ ਦੀ ਜਾਣਕਾਰੀ ਦਿੱਤੀ ਹੈ। ਸ੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨਾਲ ਜੁੜੇ ਪ੍ਰਬੰਧਕਾਂ ਨੇ ਕਾਂਗਰਸ ਪਾਰਟੀ ਦੇ ਇਨ੍ਹਾਂ ਤਿੰਨਾਂ ਸੀਨੀਅਰ ਨੇਤਾਵਾਂ ਨੂੰ ਕਾਫ਼ੀ ਪਹਿਲਾਂ ਇਹ ਸੱਦਾ ਭੇਜਿਆ ਸੀ।

ਕਾਂਗਰਸ ਪਾਰਟੀ ਦੇ ਜਨਰਲ ਸਕੱਤਰ (ਸੰਚਾਰ) ਤੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਪਾਰਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਅਧੀਰ ਰੰਜਨ ਚੌਧਰੀ ਨੂੰ ਪਿਛਲੇ ਮਹੀਨੇ 22 ਜਨਵਰੀ ਨੂੰ ਅਯੁੱਧਿਆ ’ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ’ਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ। ਪਾਰਟੀ ਇਹ ਸੱਦਾ ਮਿਲਣ ਤੋਂ ਬਾਅਦ ਤੋਂ ਭਾਰੀ ਦੁੱਚਿਤੀ ’ਚ ਸੀ। ਹਾਲਾਂਕਿ ਹੁਣ ਉਸ ਨੇ ਇਹ ਸੱਦਾ ਸਵੀਕਾਰ ਨਾ ਕਰਨ ਦੀ ਹਿੰਮਤ ਦਿਖਾਈ ਹੈ। ਪਾਰਟੀ ਨੇ ਆਪਣੇ ਬਿਆਨ ’ਚ ਅੱਗੇ ਕਿਹਾ ਹੈ ਕਿ 2019 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਵੀਕਾਰ ਕਰਦੇ ਹੋਏ ਲੋਕਾਂ ਦੀ ਆਸਥਾ ਦੇ ਸਨਮਾਨ ’ਚ ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ ਤੇ ਅਧੀਰ ਰੰਜਨ ਚੌਧਰੀ ਭਾਜਪਾ-ਆਰਐੱਸਐੱਸ ਦੇ ਇਸ ਪ੍ਰੋਗਰਾਮ ਦੇ ਸੱਦੇ ਨੂੰ ਸਨਮਾਨ ਸਹਿਤ ਨਾਮਨਜ਼ੂਰ ਕਰਦੇ ਹਨ। ਪਾਰਟੀ ਦਾ ਇਹ ਵੀ ਕਹਿਣਾ ਹੈ ਕਿ ਇਹ ਪ੍ਰੋਗਰਾਮ ਭਾਜਪਾ ਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦਾ ਹੈ ਤੇ ਚੋਣ ਲਾਭ ਲਈ ਅੱਧੇ-ਅਧੂਰੇ ਮੰਦਿਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

ਆਈਐੱਨਡੀਆਈਏ ਨਾਲ ਵੀ ਹੋਈ ਚਰਚਾ

ਸੂਤਰਾਂ ਮੁਤਾਬਕ ਪਾਰਟੀ ਨੇਤਾਵਾਂ ਨੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸੱਦੇ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਆਈਐੱਨਡੀਆਈਏ ਦੀਆਂ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਵੀ ਵਿਚਾਰ-ਚਰਚਾ ਕੀਤੀ ਸੀ। ਇਸ ’ਚ ਸਾਰੀਆਂ ਪਾਰਟੀਆਂ ਨੇ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਸੀ। ਪਾਰਟੀ ਵੱਲੋਂ ਅਧਿਕਾਰਤ ਬਿਆਨ ਜਾਰੀ ਕਰ ਕੇ ਸੱਦਾ ਸਵੀਕਾਰ ਨਾ ਕਰਨ ਦੀ ਜਾਣਕਾਰੀ ਦੇਣ ਨੂੰ ਵੀ ਇਸੇ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।