ਜਾਗਰਣ ਬਿਊਰੋ, ਨਵੀਂ ਦਿੱਲੀ : ਲੋਕ ਸਭਾ ਦੀਆਂ ਸੀਟਾਂ ’ਤੇ ਤਾਲਮੇਲ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਲ ਹੁਣ ਬਣਦੇ ਹੋਏ ਦਿਸ ਰਹੀ ਹੈ, ਹਾਲਾਂਕਿ ਪੰਜਾਬ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਪੇਚ ਹਾਲੇ ਵੀ ਫਸਿਆ ਹੋਇਆ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਸੀਟਾਂ ’ਤੇ ਤਾਲਮੇਲ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਬੈਠਕ ’ਚ ਰਾਹੁਲ ਗਾਂਧੀ ਵੀ ਮੌਜੂਦ ਸਨ। ਦੋਵਾਂ ਪਾਰਟੀਆਂ ’ਚ ਇਸ ਦੌਰਾਨ ਦਿੱਲੀ ਤੇ ਗੁਜਰਾਤ ਨੂੰ ਲੈ ਕੇ ਲੰਬੀ ਚਰਚਾ ਹੋਈ। ਪੰਜਾਬ ਨੂੰ ਲੈ ਕੇ ਦੋਵਾਂ ਪਾਰਟੀਆਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ। ਇਹ ਗੱਲ ਵੱਖ ਹੈ ਕਿ ਆਮ ਆਦਮੀ ਪਾਰਟੀ ਨੇ ਗੋਆ ਤੇ ਹਰਿਆਣਾ ਦੀਆਂ ਸੀਟਾਂ ਨੂੰ ਲੈ ਕੇ ਕਾਂਗਰਸ ਨੁੂੰ ਤਜਵੀਜ਼ ਦਿੱਤੀ ਹੈ। ਖੜਗੇ ਦੇ ਨਿਵਾਸ ’ਤੇ ਦੋਵਾਂ ਪਾਰਟੀਆਂ ਦੇ ਮੁੱਖ ਆਗੂਆਂ ’ਚ ਇਹ ਬੈਠਕ ਕਰੀਬ ਦੋ ਘੰਟੇ ਚੱਲੀ। ਇਸ ਬੈਠਕ ’ਚ ਆਪ ਵੱਲੋਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ। ਉਨ੍ਹਾਂ ਨੇ ਬੈਠਕ ਨੂੰ ਲੈ ਕੇ ਕੁਝ ਤਸਵੀਰਾਂ ਵੀ ਐਕਸ ’ਤੇ ਸਾਂਝੀਆਂ ਕੀਤੀਆਂ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਪਾਰਟੀਆਂ ’ਚ ਫਿਲਹਾਲ ਦਿੱਲੀ ਦੀਆਂ ਸੀਟਾਂ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ। ਇਸ ਵਿਚ ਆਮ ਆਦਮੀ ਪਾਰਟੀ ਚਾਰ ਤੇ ਕਾਂਗਰਸ ਤਿੰਨ ਸੀਟਾਂ ’ਤੇ ਮਿਲ ਕੇ ਚੋਣ ਲੜ ਸਕਦੀ ਹੈ। ਬੈਠਕ ’ਚ ਇਸ ਤੋਂ ਇਲਾਵਾ ਗੁਜਰਾਤ ਦੇ ਤਾਲਮੇਲ ’ਤੇ ਵੀ ਚਰਚਾ ਹੋਈ। ਆਪ ਦੀ ਭਰੂਚ ਸੀਟ ਨੂੰ ਲੈ ਕੇ ਦਾਅਵੇਦਾਰੀ ਨੂੰ ਦੇਖਦੇ ਹੋਏ ਕਾਂਗਰਸ ਉਨ੍ਹਾਂ ਨੂੰ ਇਹ ਸੀਟ ਦੇਣ ਲਈ ਸਹਿਮਤ ਹੋ ਗਈ ਹੈ। ਆਪ ਨੇ ਇੱਥੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ। ਹਾਲਾਂਕਿ ਆਪ ਆਪਣੇ ਵਿਧਾਨ ਸਭਾ ਚੋਣ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕਾਂਗਰਸ ਦੇ ਸਾਹਮਣੇ ਕੁਝ ਹੋਰ ਸੀਟਾਂ ਨੂੰ ਲੈ ਕੇ ਦਾਅਵੇਦਾਰੀ ਕਰ ਰਹੀ ਹੈ। ਸੂਤਰਾਂ ਮੁਤਾਬਕ, ਆਪ ਪੰਜਾਬ ’ਚ ਵੀ ਕਾਂਗਰਸ ਨਾਲ ਸੀਟਾਂ ਨੂੰ ਲੈ ਕੇ ਤਾਲਮੇਲ ਕਰਨਾ ਚਾਹੁੰਦੀ ਹੈ, ਪਰ ਪੰਜਾਬ ਦੀ ਕਾਂਗਰਸ ਇਕਾਈ ਇਸ ਖ਼ਿਲਾਫ਼ ਹੈ। ਇਸ ਕਾਰਨ ਵਿਧਾਨ ਸਭਾ ਚੋਣਾਂ ’ਚ ਝਟਕਾ ਖਾ ਚੁੱਕੀ ਕਾਂਗਰਸ ਹੁਣ ਹੋਰ ਕੋਈ ਖ਼ਤਰਾ ਨਹੀਂ ਉਠਾਉਣਾ ਚਾਹੁੰਦੀ।

ਫ਼ਿਲਹਾਲ ਦੋਵੇਂ ਪਾਰਟੀਆਂ ਵੱਲੋਂ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਜਿਸ ਤਰ੍ਹਾਂ ਤੇਜ਼ੀ ਦਿਖਾਈ ਜਾ ਰਹੀ ਹੈ ਤੇ ਅਗਲੇ ਇਕ-ਦੋ ਦਿਨਾਂ ’ਚ ਮੁੜ ਬੈਠਕ ਦੀ ਸਹਿਮਤੀ ਬਣੀ ਹੈ, ਉਸ ਤੋਂ ਸਾਫ਼ ਹੈ ਕਿ ਦੋਵਾਂ ’ਚ ਛੇਤੀ ਹੀ ਸੀਟਾਂ ਦੀ ਵੰਡ ਨੂੰ ਲੈ ਕੇ ਆਖ਼ਰੀ ਸਹਿਮਤੀ ਬਣ ਸਕਦੀ ਹੈ। ਸੂਤਰਾਂ ਮੁਤਾਬਕ, ਆਪ ਨੇ ਚਰਚਾ ’ਚ ਹਰਿਆਣਾ ਤੇ ਗੋਆ ’ਚ ਕੁਝ ਸੀਟਾਂ ਨੂੰ ਲੈ ਕੇ ਕਾਂਗਰਸ ਦੇ ਸਾਹਮਣੇ ਮੰਗ ਰੱਖੀ ਹੈ, ਹਾਲਾਂਕਿ ਪਾਰਟੀ ਨੇ ਹਾਲੇ ਇਸ ਨੂੰ ਕੋਈ ਤਵੱਜੋ ਨਹੀਂ ਦਿੱਤੀ।