ਚੰਡੀਗੜ੍ਹ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਦਿਨ ਪਹਿਲਾਂ ਭਾਵੇਂ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗਣ ਦਾ ਸੱਦਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਆਜ਼ਾਦੀ ਦਿਹਾੜੇ ਮੌਕੇ ਕਰਜ਼ੇ ਦੇ ਸਤਾਏ ਪੰਜ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ।ਤਲਵੰਡੀ ਸਾਬੋ(ਪੱਤਰ ਪ੍ਰੇਰਕ): ਸਬ ਡਿਵੀਜ਼ਨ ਦੇ ਪਿੰਡ ਮਿਰਜੇਆਣਾ ਦੇ ਕਿਸਾਨ ਚੰਦ ਸਿੰਘ (60) ਪੁੱਤਰ ਸੰਤ ਰਾਮ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁ਼ਦਕੁਸ਼ੀ ਕਰ ਲਈ। ਕਿਸਾਨ ਆਪਣੇ ਦੋ ਪੁੱਤਰਾਂ ਤੋਂ ਵੱਖ ਰਹਿ ਕੇ ਆਪਣੀ ਛੇ ਏਕੜ ਜ਼ਮੀਨ ਵਿੱਚ ਖੇਤੀ ਕਰਦਾ ਸੀ। ਉਸ ਦੇ ਸਿਰ ਅੱਠ ਲੱਖ ਰੁਪਏ ਦਾ ਕਰਜ਼ਾ ਸੀ। ਇਸ ਦੌਰਾਨ ਪਿੰਡ ਲਹਿਰੀ ਦੇ ਦਲਿਤ ਪਰਿਵਾਰ ਨਾਲ ਸਬੰਧਤ ਜਗਤਾਰ ਸਿੰਘ (42) ਪੁੱਤਰ ਹਰਨੇਕ ਸਿੰਘ ਨੇ ਘਰ ਵਿੱਚ ਹੀ ਕੀਟਨਾਸ਼ਕ ਦਵਾਈ ਪੀ ਕੇ ਖੁ਼ਦਕੁਸ਼ੀ ਕਰ ਲਈ। ਉਹ ਘਰ ਦੀ ਆਰਥਿਕ ਹਾਲਤ ਤੇ ਆਪਣੀਆਂ ਦੋ ਧੀਆਂ ਦੇ ਵਿਆਹ ਨੂੰ ਲੈ ਕੇ ਫਿਕਰਮੰਦ ਸੀ।
ਸ੍ਰੀ ਮੁਕਤਸਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਕੋਟਲੀ ਸੰਘਰ ਦੇ ਸਵਾ ਤਿੰਨ ਏਕੜ ਜ਼ਮੀਨ ਦੇ ਮਾਲਕ ਨੌਜਵਾਨ ਕਿਸਾਨ ਕੁਲਦੀਪ ਸਿੰਘ (23) ਨੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਸਿਰ 3.40 ਲੱਖ ਰੁਪਏ ਦਾ ਕਰਜ਼ਾ ਸੀ।ਕਸਬਾ ਅਜੀਤਵਾਲ ਵਿੱਚ ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਸੁਖਦੀਪ ਸਿੰਘ (35) ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੀੜਤ 40 ਹਜ਼ਾਰ ਰੁਪਏ ਦਾ ਕਰਜ਼ਦਾਰ ਸੀ। ਪੁਲੀਸ ਨੇ ਸਿਵਲ ਹਸਪਤਾਲ ਤੋਂ ਪੋਸਟ ਮਾਰਟਮ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।ਮਾਨਸਾ ‘ਚ ਕਸਬਾ ਭੀਖੀ ਦੇ ਪਿੰਡ ਅਲੀਸ਼ੇਰ ਕਲਾਂ ਦੇ ਕਿਸਾਨ ਅਵਤਾਰ ਸਿੰਘ(42) ਨੇ ਕਰਜ਼ੇ ਦੀ ਵਧਦੀ ਪੰਡ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਕੋਲ ਚਾਰ ਏਕੜ ਜ਼ਮੀਨ ਸੀ, ਜੋ ਕਰਜ਼ਾ ਲਾਹੁੰਦਿਆਂ ਇੱਕ ਏਕੜ ਰਹਿ ਗਈ।


