ਪੂਰੇ ਵਿਸ਼ਵ ’ਚ 16 ਸਤੰਬਰ ਦਾ ਦਿਨ ਓਜ਼ੋਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਆਕਸੀਜਨ ਦੇ ਅਣੂਆਂ ਦੀ ਪਰਤ ਨੂੰ ਓਜ਼ੋਨ ਪਰਤ ਦਾ ਨਾਮ ਦਿੱਤਾ ਗਿਆ ਹੈ ਜੋ ਕਿ ਵਾਯੂਮੰਡਲ ’ਚ 10 ਤੋਂ 50 ਕਿਲੋਮੀਟਰ ਦੇ ਘੇਰੇ ਵਿਚ ਹੁੰਦੀ ਹੈ। ਇਹ ਪਰਤ ਸੂਰਜ ਤੋਂ ਆ ਰਹੀਆਂ ਬਹੁਤ ਖ਼ਤਰਨਾਕ ਕਿਰਨਾਂ ਤੋਂ ਸਾਨੂੰ ਸੁਰੱਖਿਅਤ ਰੱਖਦੀ ਹੈ। ਜੇ ਇਹ ਪਰਤ ਨਾ ਹੋਵੇ ਤਾਂ ਸੂਰਜ ਤੋਂ ਸਿੱਧੀਆਂ ਆ ਰਹੀਆਂ ਯੂ.ਵੀ. ਕਿਰਨਾਂ ਮਨੁੱਖੀ ਜ਼ਿੰਦਗੀ ਤੇ ਜੀਵ-ਜੰਤੂਆਂ ਨੂੰ ਖ਼ਤਰੇ ’ਚ ਪਾ ਸਕਦੀਆਂ ਹਨ। ਅੱਜ ਆਕਸੀਜਨ ਤੋਂ ਵੀ ਜ਼ਿਆਦਾ ਸਾਨੂੰ ਓਜ਼ੋਨ ਪਰਤ ਦੀ ਰੱਖਿਆ ਕਰਨ ਦੀ ਲੋੜ ਹੈ। ਸੰਨ 1985 ’ਚ ਜਦੋਂ ਬਿ੍ਰਟਿਸ਼ ਵਿਗਿਆਨੀ ਖੋਜ ਲਈ ਐਂਟਾਰਕਟਿਕਾ ਗਏ ਸਨ ਤਾਂ ਓਥੇ ਓਜ਼ੋਨ ਪਰਤ ਵਿਚ ਛੇਕ ਹੋਣ ਦੀ ਗੱਲ ਸਾਹਮਣੇ ਆਈ ਸੀ ਜਿਸ ਦੀ ਪੁਸ਼ਟੀ ਨਾਸਾ ਵੱਲੋਂ ਵੀ ਖੋਜ ਤੋਂ ਬਾਅਦ ਕੀਤੀ ਗਈ ਸੀ। ਕੁਝ ਸਾਲਾਂ ਤੋਂ ਮਨੁੱਖ ਦੁਆਰਾ ਕੀਤੀਆਂ ਜਾ ਰਹੀਆਂ ਵਾਤਾਵਰਨ ਖ਼ਿਲਾਫ਼ ਗਤੀਵਿਧੀਆਂ, ਸਨਅਤਾਂ ਤੇ ਆਧੁਨਿਕ ਢੰਗ ਨਾਲ ਜ਼ਿੰਦਗੀ ਜਿਊਣ ਦੇ ਤਰੀਕਿਆਂ ਨੇ ਓਜ਼ੋਨ ਪਰਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਸਾਡੀ ਜ਼ਿੰਦਗੀ ਦੇ ਸੁਰੱਖਿਆ ਕਵਚ ਓਜ਼ੋਨ ਪਰਤ ਨੂੰ ਅਸੀਂ ਖ਼ਤਰੇ ’ਚ ਪਾਉਂਦੇ ਜਾ ਰਹੇ ਹਾਂ। ਜ਼ਿਆਦਾਤਰ ਫਰਿੱਜ, ਏਸੀ ਅਤੇ ਵਾਹਨਾਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਇਸ ਪਰਤ ਦੀ ਹੋਂਦ ਲਈ ਖ਼ਤਰਨਾਕ ਸਾਬਿਤ ਹੋ ਰਹੀਆਂ ਹਨ। ਇਸੇ ਖ਼ਤਰੇ ਨੂੰ ਭਾਂਪਦਿਆਂ 16 ਸਤੰਬਰ 1987 ਨੂੰ ਸੰਯੁਕਤ ਰਾਸ਼ਟਰ ਸਮੇਤ 45 ਹੋਰ ਦੇਸ਼ਾਂ ਨੇ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥਾਂ ਦੀ ਵਰਤੋਂ ਘਟਾਉਣ ਲਈ ਮਾਂਟਰੀਅਲ ਪ੍ਰੋਟੋਕਾਲ ਸਮਝੌਤੇ ਤਹਿਤ ਦਸਤਖ਼ਤ ਕੀਤੇ ਸਨ। ਮਾਂਟਰੀਅਲ ਪ੍ਰੋਟੋਕਾਲ ਦਾ ਉਦੇਸ਼ ਓਜ਼ੋਨ ਪਰਤ ਨੂੰ ਖ਼ਤਮ ਕਰਨ ਵਾਲੇ ਪਦਾਰਥਾਂ ਕਲੋਰੋਫਲੋਰੋ ਕਾਰਬਨ ਜੋ ਫਰਿੱਜਾਂ ਅਤੇ ਏਸੀ ’ਚੋਂ ਕਾਫ਼ੀ ਮਾਤਰਾ ’ਚ ਨਿਕਲ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਨ੍ਹਾਂ ਦੀ ਵਰਤੋਂ ਨੂੰ ਘੱਟ ਕਰ ਕੇ ਓਜ਼ੋਨ ਪਰਤ ਦੀ ਰੱਖਿਆ ਕਰਨਾ ਸੀ। ਜੇ ਇਸ ਪਰਤ ’ਚ ਛੇਕ ਹੁੰਦੇ ਹਨ ਤਾਂ ਇਨਸਾਨਾਂ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਚਮੜੀ ਦਾ ਕੈਂਸਰ, ਉਮਰ ਤੋਂ ਪਹਿਲਾਂ ਬੁਢਾਪਾ, ਅੱਖਾਂ ਦੀ ਰੋਸ਼ਨੀ ਖ਼ਤਮ ਹੋਣਾ, ਪਾਚਨ ਤੰਤਰ ਦਾ ਕਮਜ਼ੋਰ ਹੋਣਾ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਪਰਤ ਧਰਤੀ ’ਤੇ ਹਵਾ ਮੰਡਲ ਦੇ ਤਾਪਮਾਨ ਨੂੰ ਵੀ ਕੰਟਰੋਲ ਕਰਦੀ ਹੈ। ਮਨੁੱਖ ਛੋਟੀਆਂ-ਮੋਟੀਆਂ ਕੋਸ਼ਿਸ਼ਾਂ ਰਾਹੀਂ ਇਸ ਸੁਰੱਖਿਆ ਕਵਚ ਨੂੰ ਬਚਾ ਸਕਦਾ ਹੈ। ਸਰਕਾਰਾਂ ਓਜ਼ੋਨ ਪਰਤ ਦੀ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਉਦਯੋਗਾਂ ਰਾਹੀਂ ਨਿਕਲਣ ਵਾਲੇ ਧੂੰਏਂ, ਕੈਮੀਕਲ ਪਲਾਂਟਾਂ ’ਚੋਂ ਨਿਕਲਣ ਵਾਲੀਆਂ ਗੈਸਾਂ, ਵਾਹਨਾਂ ਵਿੱਚੋਂ ਨਿਕਲਣ ਵਾਲੇ ਧੂੰਏਂ, ਰਬੜ ਤੇ ਪਲਾਸਟਿਕ ਦੇ ਟਾਇਰਾਂ ਨੂੰ ਸਾੜਨ ਤੋਂ ਰੋਕਣ ਆਦਿ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਵੱਧ ਪੇੜ-ਪੌਦੇ ਲਗਾ ਕੇ ਓਜ਼ੋਨ ਪਰਤ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਸੋ, ਆਓ! ਓਜ਼ੋਨ ਪਰਤ ਨੂੰ ਸੁਰੱਖਿਅਤ ਰੱਖਣ ਦਾ ਅਹਿਦ ਲਈਏ।

-ਰਵਿੰਦਰ ਸਿੰਘ ਤਰੈਂ। ਮੋਬਾਈਲ : 70092-32418