ਸੰਜੀਵ ਗੁਪਤਾ, ਨਵੀਂ ਦਿੱਲੀ: ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਹੋਰਨਾਂ ਰਾਜਾਂ ਵਿਚ ਵੀ ਫਿਲਹਾਲ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹੈ। ਵਿਚ-ਵਿੱਚ ਤਾਪਮਾਨ ਵਿਚ ਗਿਰਾਵਟ ਜਾਂ ਵਾਧਾ ਹੁੰਦਾ ਰਹੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਦੀ ਜਾ ਰਹੀ ਹੈ। ਇਸ ਵਾਰ ਫਰਵਰੀ ਦੇ ਮੱਧ ਤੱਕ ਠੰਢ ਰਹਿ ਸਕਦੀ ਹੈ।

ਵਿਗਿਆਨੀਆਂ ਅਨੁਸਾਰ ਮਜ਼ਬੂਤ ਪੱਛਮੀ ਗੜਬੜੀ ਦੇ ਆਉਣ ਨਾਲ ਇਸ ਵਾਰ ਮੌਸਮ ਦਾ ਪੈਟਰਨ ਥੋੜ੍ਹਾ ਬਦਲਿਆ ਹੋਇਆ ਹੈ। ਹਵਾਵਾਂ ਦੀ ਰਫਤਾਰ ਘੱਟ ਹੈ, ਨਮੀ 90 ਪ੍ਰਤੀਸ਼ਤ ਤੱਕ ਬਣੀ ਹੋਈ ਹੈ। ਬਰਸਾਤ ਵੀ ਨਹੀਂ ਹੋ ਰਹੀ। ਇਸ ਸਭ ਦੇ ਚੱਲਦਿਆਂ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਮੱਧ ਪ੍ਰਦੇਸ਼ ’ਚ ਧੁੰਦ ਦੀ ਸਥਿਤੀ ਬਣੀ ਹੋਈ ਹੈ। ਬੱਦਲ ਵੀ ਹੇਠਲੇ ਪੱਧਰ ’ਤੇ ਬਣ ਰਹੇ ਹਨ। ਇਨ੍ਹਾਂ ਸਭ ਕਾਰਨਾਂ ਕਾਰਨ ਸੂਰਜ ਦਾ ਤਾਪ ਢੰਗ ਨਾਲ ਧਰਤੀ ਤੱਕ ਨਹੀਂ ਪਹੁੰਚ ਰਿਹਾ ਅਤੇ ਕਦੇ ਸੀਤ ਦਿਵਸ (ਕੋਲਡ ਡੇ) ਤਾਂ ਕਦੇ ਸੀਤਲਹਿਰ ਦੀ ਸਥਿਤੀ ਬਣੀ ਹੋਈ ਹੈ।

ਮੌਸਮ ਵਿਗਿਆਨੀ ਦੱਸਦੇ ਹਨ ਕਿ ਇਸ ਸਥਿਤੀ ਵਿਚ ਹਾਲੇ ਅਗਲੇ ਕੁਝ ਦਿਨਾਂ ਵਿਚ ਵੀ ਬਦਲਾਅ ਦੇ ਸੰਕੇਤ ਨਹੀਂ ਹਨ। ਇਸ ਦੇ ਉਲਟ 26 ਜਨਵਰੀ ਦੇ ਆਸ-ਪਾਸ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਮੈਦਾਨੀ ਖੇਤਰਾਂ ਵਿਚ ਇਸ ਦਾ ਸਿੱਧਾ ਅਸਰ ਤਾਂ ਨਹੀਂ ਹੋਵੇਗਾ, ਪਰ ਪਹਾੜਾਂ ’ਤੇ ਬਰਫਬਾਰੀ ਹੋ ਸਕਦੀ ਹੈ। ਉੱਤਰ ਪੱਛਮੀ ਹਵਾਵਾਂ ਜ਼ਰੀਏ ਇਸ ਬਰਫਬਾਰੀ ਦੀ ਠੰਢਕ ਫਿਰ ਸਮੁੱਚੇ ਉੱਤਰੀ ਬਾਰਤ ਨੂੰ ਕੰਬਾ ਸਕਦੀ ਹੈ। 30-31 ਜਨਵਰੀ ਨੂੰ ਫਿਰ ਇਕ ਹੋਰ ਪੱਛਮੀ ਗੜਬੜੀ ਆਉਣ ਦਾ ਅਨੁਮਾਨ ਹੈ। ਵਿਗਿਆਨੀਆਂ ਮੁਤਾਬਕ ਅਨੁਮਾਨ ਹੈ ਕਿ ਇਨ੍ਹਾਂ ਹਾਲਾਤ ਕਾਰਨ ਠੰਢ ਦਾ ਅਸਰ ਮੱਧ ਫਰਵਰੀ ਤੱਕ ਬਣਿਆ ਰਹਿ ਸਕਦਾ ਹੈ। ਜੇ ਕੋਲਡ ਡੇਅ ਜਾਂ ਸੀਤ ਲਹਿਰ ਵਾਲੀ ਸਥਿਤੀ ਫਿਰ ਤੋਂ ਬਣ ਜਾਵੇ ਤਾਂ ਵੀ ਅਤਿਕਥਨੀ ਨਹੀਂ। ਮੀਂਹ ਪੈ ਜਾਵੇ ਤਾਂ ਮੌਸਮ ਦਾ ਪੈਟਰਨ ਬਦਲ ਸਕਦਾ ਹੈ ਪਰ ਇਸ ਮਹੀਨੇ ਤਾਂ ਅਜਿਹੀ ਕੋਈ ਸੰਭਾਵਨਾ ਲੱਗ ਨਹੀਂ ਰਹੀ। ਪਿੱਛੇ ਮੁੜ ਕੇ ਦੇਖੀਏ ਤਾਂ ਪਿਛਲੇ ਸਾਲ ਵੀ ਦਸੰਬਰ ’ਚ ਨਾ ਬਰਫਬਾਰੀ ਹੋਈ ਸੀ ਅਤੇ ਨਾ ਹੀ ਬਰਸਾਤ। ਇਸ ਸਾਲ ਵੀ ਉਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ। ਇਸ ਵਾਰ ਤਾਂ ਦਸੰਬਰ ਕੀ, ਜਨਵਰੀ ਵਿਚ ਵੀ ਮੀਂਹ ਨਹੀਂ ਪਿਆ। ਠੰਢ ਵੀ ਦਸੰਬਰ ਦੀ ਬਜਾਏ ਜਨਵਰੀ ’ਚ ਹੀ ਜ਼ੋਰਦਾਰ ਪੈ ਰਹੀ ਹੈ ਅਤੇ ਫਰਵਰੀ ਤੱਕ ਜਾਣ ਲੱਗੀ ਹੈ। ਮੌਸਮ ਚੱਕਰ ਦੇ ਇਸ ਤਰ੍ਹਾਂ ਅੱਗੇ ਖਿਸਕਣ ਦੇ ਪਿੱਛੇ ਵਿਗਿਆਨੀ ਜਲਵਾਯੂ ਪਰਿਵਰਤਨ ਦੇ ਅਸਰ ਤੋਂ ਵੀ ਇਨਕਾਰ ਨਹੀਂ ਕਰ ਰਹੇ।

ਪੱਛਮੀ ਗੜਬੜੀ ਦੀ ਬੇਨਿਯਮੀ ਕਾਰਨ ਅਜਿਹੇ ਹਾਲਾਤ ਬਣ ਰਹੇ ਹਨ। ਹਾਲੇ ਹਫਤੇ ਭਰ ਦੌਰਾਨ ਵੀ ਇਸ ਵਿਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਮਹੀਨੇ ਦੇ ਅੰਤ ਤੱਕ ਇਕ ਹੋਰ ਪੱਛਮੀ ਗੜਬੜੀ ਆਉਣ ਵਾਲੀ ਹੈ, ਉਸ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

– ਨਰੇਸ਼ ਕੁਮਾਰ,

ਸੀਨੀਅਰ ਵਿਗਿਆਨੀ,

ਭਾਰਤੀ ਮੌਸਮ ਵਿਭਾਗ।