ਏਐੱਨਆਈ, ਗੋਲਾਘਾਟ : ਆਸਾਮ ਦੇ ਗੋਲਾਘਾਟ ਜ਼ਿਲ੍ਹੇ ਦੇ ਡੇਰਗਾਂਵ ਇਲਾਕੇ ਨੇੜੇ ਅੱਜ (3 ਜਨਵਰੀ) ਸਵੇਰੇ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 25 ਤੋਂ ਵੱਧ ਲੋਕ ਜ਼ਖਮੀ ਹੋ ਗਏ। ਗੋਲਾਘਾਟ ਦੇ ਐੱਸਪੀ ਰਾਜੇਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਗੋਲਾਘਾਟ ਦੇ ਡੇਰਗਾਂਵ ਨੇੜੇ ਬਲੀਜਾਨ ਇਲਾਕੇ ਵਿਚ ਸਵੇਰੇ 5 ਵਜੇ ਦੇ ਕਰੀਬ ਵਾਪਰਿਆ।

ਉਲਟ ਦਿਸ਼ਾ ਤੋਂ ਆ ਰਿਹਾ ਸੀ ਟਰੱਕ

ਜਾਣਕਾਰੀ ਮੁਤਾਬਿਕ ਬੱਸ ‘ਚ 45 ਲੋਕ ਸਵਾਰ ਸਨ। ਜੋਰਹਾਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ 30 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਹ ਬੱਸ ਗੋਲਾਘਾਟ ਦੇ ਕਮਰਗਾਂਵ ਤੋਂ ਤਿਨਸੁਕੀਆ ਜ਼ਿਲ੍ਹੇ ਦੇ ਤਿਲਿੰਗਾ ਮੰਦਿਰ ਵੱਲ ਪਿਕਨਿਕ ਲਈ ਜਾ ਰਹੀ ਸੀ, ਉਦੋਂ ਸਵੇਰੇ ਕਰੀਬ 4:30 ਵਜੇ ਸੜਕ ‘ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਪੁਲਿਸ ਨੇ ਦੱਸਿਆ ਕਿ ਟਰੱਕ ਜੋਰਹਾਟ ਦਿਸ਼ਾ ਤੋਂ ਗਲਤ ਦਿਸ਼ਾ ‘ਚ ਆ ਰਿਹਾ ਸੀ। ਬੱਸ ਸਹੀ ਰਸਤੇ ‘ਤੇ ਸੀ। ਦੋਵੇਂ ਵਾਹਨ ਤੇਜ਼ ਰਫਤਾਰ ‘ਚ ਸਨ।