ਸਿਡਨੀ (ਏਪੀ) : ਡੇਵਿਡ ਵਾਰਨਰ ਨੇ ਆਪਣੇ ਘਰੇਲੂ ਮੈਦਾਨ ’ਤੇ 57 ਦੌੜਾਂ ਬਣਾ ਕੇ 112 ਟੈਸਟ ਮੈਚ ਦੇ ਆਪਣੇ ਕਰੀਅਰ ਦਾ ਅੰਤ ਕੀਤਾ ਜਦਕਿ ਆਸਟ੍ਰੇਲੀਆ ਨੇ ਸ਼ਨਿਚਰਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕਰ ਕੇ ਇਸ ਦਿੱਗਜ ਸਲਾਮੀ ਬੱਲੇਬਾਜ਼ ਨੂੰ ਸ਼ਾਨਦਾਰ ਵਿਦਾਈ ਦਿੱਤੀ।
ਆਸਟ੍ਰੇਲੀਆ ਜਦੋਂ ਟੀਚੇ ਤੋਂ ਸਿਰਫ 11 ਦੌੜਾਂ ਦੂਰ ਸੀ ਉਦੋਂ ਵਾਰਨਰ ਨੂੰ ਸਾਜਿਦ ਖਾਨ ਲੱਤ ਅੜਿੱਕਾ ਆਊਟ ਕੀਤਾ। ਜਦੋਂ ਉਹ ਸਿਡਨੀ ਕ੍ਰਿਕਟ ਗਰਾਊਂਡ ਨਾਲ ਪੈਵੇਲੀਅਨ ਵੱਲ ਰਹੇ ਸੀ ਉਦੋਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਦਾ ਸਵਾਗਤ ਕੀਤਾ। ਆਸਟ੍ਰੇਲੀਆ ਦੀ ਪਾਰੀ ਵਿਚ ਉਹ ਆਊਟ ਹੋਣ ਵਾਲੇ ਦੂਜੇ ਬੱਲੇਬਾਜ਼ ਸੀ। ਸਾਜਿਦ ਨੇ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੂੰ ਵੀ ਲੱਤ ਅੜਿੱਕਾ ਆਊਟ ਕੀਤਾ ਸੀ। ਖਵਾਜਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਆਸਟ੍ਰੇਲੀਆ ਦੇ ਸਾਹਮਣੇ 130 ਦੌੜਾਂ ਦਾ ਟੀਚਾ ਸੀ ਜੋ ਉਸ ਨੇ ਦੋ ਵਿਕਟ ਖੋਹ ਕੇ ਹਾਸਿਲ ਕਰ ਲਿਆ। ਵਾਰਨਰ ਦੇ ਇਲਾਵਾ ਮਾਰਨਸ ਲਾਬੁਸ਼ੇਨ (ਅਜੇਤੂ 62) ਨੇ ਵੀ ਅਰਧ ਸੈਂਕੜਾ ਜਮਾਇਆ ਜਦਕਿ ਸਟੀਵ ਸਮਿੱਥ ਚਾਰ ਦੌੜਾਂ ਬਣਾ ਕੇ ਅਜੇਤੂ ਰਿਹਾ। ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ਵਿਚ 313 ਦੌੜਾਂ ਚੰਗਾ ਸਕੋਰ ਖੜ੍ਹਾ ਕੀਤਾ ਸੀ ਉਸ ਦੇ ਜਵਾਬ ਵਿਚ ਆਸਟ੍ਰੇਲੀਆ ਨੇ 299 ਦੌੜਾਂ ਬਣਾਈਆਂ ਸੀ। ਪਾਕਿਸਤਾਨ ਦੀ ਟੀਮ ਦੂਜੀ ਪਾਰੀ ਸੱਤ ਵਿਕਟ ’ਤੇ 68 ਦੌੜਾਂ ਤੋਂ ਅੱਗੇ ਵਧਾਈ। ਮੈਚ ਦੇ ਤੀਜੇ ਦਿਨ ਜੋਸ਼ ਹੈਜਲਵੁੱਡ (16 ਦੌੜਾਂ ਦੇ ਕੇ ਚਾਰ ਵਿਕਟ) ਨੇ ਪਾਕਿਸਤਾਨ ਦੀ ਬੱਲੇਬਾਜ਼ੀ ਨੂੰ ਢੇਰ ਕਰ ਦਿੱਤਾ। ਮੈਚ ਦੇ ਚੌਥੇ ਦਿਨ ਮੁਹੰਮਦ ਰਿਜ਼ਵਾਨ (28) ਤੇ ਆਮਿਰ ਜਮਾਲ (18) ਨੇ ਅੱਠਵੇਂ ਵਿਕਟ ਲਈ 42 ਦੌੜਾਂ ਜੋੜ ਕੇ ਕੁਝ ਦੇਰ ਸੰਘਰਸ਼ ਕੀਤਾ। ਨਾਥਨ ਲਿਯੋਨ ਨੇ ਰਿਜ਼ਵਾਨ ਨੂੰ ਲੈੱਗ ਸਲਿੱਪ ਵਿਚ ਕੈਚ ਆਊਟ ਕਰਾ ਕੇ ਇਹ ਸਾਂਝੇਦਾਰੀ ਤੋੜੀ ਇਸ ਦੇ ਬਾਅਦ ਪਾਕਿਸਤਾਨ ਦੀ ਪਾਰੀ ਖਤਮ ਹੋਣ ਵਿਚ ਦੇਰ ਨਹੀਂ ਲੱਗੀ। ਲਿਯੋਨ ਨੇ ਹਸਲ ਅਲੀ ਦਾ ਵਿਕਟ ਲੈ ਕੇ ਪਾਕਿਸਤਾਨ ਦੀ ਪਾਰੀ ਦਾ ਅੰਤ ਕੀਤਾ। ਲਿਓਨ ਨੇ 36 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਆਸਟ੍ਰੇਲੀਆ ਦੀ ਟੀਮ ਨੇ ਇਸ ਤੋਂ ਪਹਿਲਾਂ ਵਾਰਨਰ ਦੀ ਅਗਵਾਈ ਵਿਚ ਮੈਦਾਨ ’ਤੇ ਕਦਮ ਰੱਖਿਆ ਸੀ। ਆਸਟ੍ਰੇਲੀਆ ਨੇ ਪਰਥ ਵਿਚ ਖੇਡਿਆ ਗਿਆ ਪਹਿਲਾ ਟੈਸਟ ਮੈਚ 360 ਦੌੜਾਂ ਨਾਲ ਤੇ ਮੈਲਬੌਰਨ ਵਿਚ ਖੇਡਿਆ ਗਿਆ ਦੂੁਜਾ ਟੈਸਟ ਮੈਚ 79 ਦੌੜਾਂ ਨਾਲ ਜਿੱਤਿਆ ਸੀ।
ਡਬਲਯੂਟੀਸੀ ਸੂਚੀ ’ਚ ਸਿਖਰ ’ਤੇ ਪੁੱਜਾ ਆਸਟ੍ਰੇਲੀਆ
ਦੁਬਈ (ਪੀਟੀਆਈ): ਪਾਕਿਸਤਾਨ ਖ਼ਿਲਾਫ਼ ਤੀਜਾ ਟੈਸਟ ਜਿੱਤ ਕੇ ਆਸਟਰੇਲੀਆਈ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੀ ਅੰਕ ਸੂਚੀ ਵਿਚ ਸਿਖਰ ’ਤੇ ਪਹੁੰਚ ਗਈ ਹੈ। ਭਾਰਤੀ ਟੀਮ ਦੂਜੇ ਸਥਾਨ ’ਤੇ ਖਿਸਕ ਗਈ ਹੈ। ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਤੋਂ 2.09 ਫੀਸਦੀ ਅੰਕਾਂ ਨਾਲ ਅੱਗੇ ਹੈ। ਆਸਟ੍ਰੇਲੀਆ ਦੇ 56.25 ਫੀਸਦੀ ਅੰਕ ਹਨ, ਜਦਕਿ ਭਾਰਤ ਦੇ 54.16 ਫੀਸਦੀ ਅੰਕ ਹਨ। ਭਾਰਤ ਨੇ ਡਬਲਯੂਟੀਸੀ ਦੇ ਮੌਜੂਦਾ ਚੱਕਰ ’ਚ ਸਿਰਫ ਚਾਰ ਟੈਸਟ ਖੇਡੇ ਹਨ, ਜਦਕਿ ਆਸਟ੍ਰੇਲੀਆ ਨੇ ਅੱਠ ਮੈਚ ਖੇਡੇ ਹਨ। ਹਾਲ ਹੀ ’ਚ ਭਾਰਤ ਦੱਖਣੀ ਅਫਰੀਕਾ ਖਿਲਾਫ ਦੂਜਾ ਟੈਸਟ ਮੈਚ ਜਿੱਤ ਕੇ ਟੇਬਲ ’ਚ ਚੋਟੀ ’ਤੇ ਪਹੁੰਚ ਗਿਆ ਹੈ।
ਜੇਕਰ ਮੈਂ ਦੁਬਾਰਾ ਸ਼ੁਰੂ ਕਰਦਾ ਤਾਂ ਮੈਂ ਥੋੜ੍ਹਾ ਹੋਰ ਧੀਰਜ ਦਿਖਾਉਂਦਾ : ਵਾਰਨਰ
ਸਿਡਨੀ (ਪੀਟੀਆਈ): ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਜਾਣਦਾ ਹੈ ਕਿ ਉਹ ਸਾਰਿਆਂ ਦੇ ਪਸੰਦੀਦਾ ਨਹੀਂ ਰਹੇ ਹਨ ਅਤੇ ਉਹ ਕਹਿੰਦੇ ਹਨ ਕਿ ਜੇਕਰ ਉਸ ਨੂੰ ਦੁਬਾਰਾ ਸ਼ੁਰੂ ਕਰਨਾ ਹੁੰਦਾ ਤਾਂ ਉਹ ਸ਼ਾਇਦ ਹੋਰ ਧੀਰਜ ਦਿਖਾੳਂਦਾੁ। ਵਾਰਨਰ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਮੈਂ ਸਾਰਿਆਂ ਦਾ ਪਸੰਦੀਦਾ ਖਿਡਾਰੀ ਨਹੀਂ ਰਿਹਾ। ਪਰ ਮੈਂ ਆਪਣੀ ਬਿਹਤਰੀਨ ਖੇਡ ਖੇਡੀ ਅਤੇ ਟੀਮ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਜੇ ਮੇਰੇ ਕੋਲ ਇਹ ਸਮਾਂ ਦੁਬਾਰਾ ਹੁੰਦਾ ਅਤੇ ਮੈਨੂੰ ਇਹ ਪਤਾ ਹੁੰਦਾ, ਤਾਂ ਮੈਂ ਸ਼ਾਇਦ ਥੋੜ੍ਹਾ ਹੋਰ ਧੀਰਜ ਦਿਖਾਇਆ ਹੁੰਦਾ। ਵਾਰਨਰ ਨੂੰ ਹਮਲਾਵਰ ਖਿਡਾਰੀ ਦੇ ਰੂਪ ’ਚ ਦੇਖਿਆ ਜਾਂਦਾ ਹੈ, ਜੋ ਹਮੇਸ਼ਾ ਹੀ ਹਮਲਾ ਕਰਨ ਲਈ ਤਿਆਰ ਰਹਿੰਦਾ ਹੈ। ਉਹ ਹਮੇਸ਼ਾ ਵਿਰੋਧੀ ਖਿਡਾਰੀਆਂ ਨਾਲ ਸ਼ਬਦਾਂ ਦੀ ਲੜਾਈ ਵਿਚ ਸ਼ਾਮਲ ਹੁੰਦਾ ਸੀ, ਖਾਸ ਕਰਕੇ ਆਪਣੇ ਕਰੀਅਰ ਦੇ ਸ਼ੁਰੂਆਤੀ ਹਿੱਸੇ ਵਿਚ। ਉਹ 2018 ਵਿਚ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਛਾੜ ਦੇ ਵਿਵਾਦ ਦੇ ਕੇਂਦਰ ਵਿਚ ਵੀ ਸੀ, ਜਿਸ ਲਈ ਉਸਨੂੰ ਇਕ ਸਾਲ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਆਸਟਰੇਲੀਆਈ ਟੀਮ ਦੀ ਕਪਤਾਨੀ ਕਰਨ ਤੋਂ ਜੀਵਨ ਭਰ ਦੀ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਵਾਰਨਰ ਨੇ ਕਿਹਾ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਟੀਮ ’ਚ ਮੇਰੀ ਭੂਮਿਕਾ ਵਿਰੋਧੀ ਟੀਮ ਨੂੰ ਭੜਕਾਉਣ ਦੀ ਸੀ। ਪਰ ਇਹ ਸ਼ੁਰੂਆਤੀ ਦਿਨ ਸਨ ਅਤੇ ਪਹਿਲੀ ਪ੍ਰਭਾਵ ਨੂੰ ਬਦਲਣ ਦਾ ਕੋਈ ਦੂਜਾ ਮੌਕਾ ਨਹੀਂ ਹੈ ਪਰ ਮੈਂ ਉਸ ਭਰੋਸੇ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਵਾਰਨਰ ਨੇ ਮਹਾਨ ਰਿਕੀ ਪੋਂਟਿੰਗ (27,368) ਤੋਂ ਬਾਅਦ ਸਾਰੇ ਫਾਰਮੈਟਾਂ ਵਿਚ 18,612 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਆਸਟਰੇਲੀਆ ਦੇ ਦੂਜੇ ਸਭ ਤੋਂ ਸਫਲ ਬੱਲੇਬਾਜ਼ ਵਜੋਂ ਖੇਡ ਛੱਡ ਦਿੱਤੀ। ਉਸਨੇ 26 ਸੈਂਕੜੇ ਅਤੇ 37 ਅਰਧ ਸੈਂਕੜਿਆਂ ਦੀ ਮਦਦ ਨਾਲ 44.49 ਦੀ ਔਸਤ ਨਾਲ ਟੈਸਟ ਵਿਚ 8786 ਦੌੜਾਂ ਬਣਾਈਆਂ। ਉਸਨੇ 161 ਵਨਡੇ ਮੈਚਾਂ ਵਿਚ 45.30 ਦੀ ਔਸਤ ਨਾਲ 6932 ਦੌੜਾਂ ਬਣਾਈਆਂ, ਜਿਸ ਵਿਚ 22 ਸੈਂਕੜੇ ਅਤੇ 33 ਅਰਧ ਸੈਂਕੜੇ ਸ਼ਾਮਲ ਸਨ। ਉਹ ਪਹਿਲਾਂ ਹੀ ਵਨਡੇ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕਾ ਹੈ, ਪਰ ਟੀ-20 ਲਈ ਉਪਲਬਧ ਹੋਵੇਗਾ।



