ਬੈਂਗਲੁਰੂ (ਏਜੰਸੀ) : ਭਾਰਤ ਦਾ ਪਹਿਲਾ ਸੂਰਜ ਮਿਸ਼ਨ ਆਦਿਤਿਆ ਐੱਲ1 ਸ਼ਨਿਚਰਵਾਰ ਨੂੰ ਆਪਣੀ ਮੰਜ਼ਲ ਐੱਲ1 (ਲੈਂਗ੍ਰੇਜ ਪੁਆਇੰਟ) ’ਤੇ ਪਹੁੰਚੇਗਾ। ਇਸ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਐੱਲ1 ਪੁਆਇੰਟ ਨੇੜਲੇ ਪੰਧ ’ਚ ਸਥਾਪਤ ਕੀਤਾ ਜਾਵੇਗਾ। ਸੂੁਰਜ ਮਿਸ਼ਨ ਨਾਲ ਜੁੜੀ ਮਹੱਤਵਪੂਰਨ ਮੁਹਿੰਮ ਦੇ ਸਭ ਤੋਂ ਅਹਿਮ ਪੜਾਅ ਲਈ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਤਿਆਰ ਹੈ। ਆਦਿਤਿਆ ਐੱਲ1 ਨੂੰ ਐੱਲ1 ਦੇ ਚਾਰੇ ਪਾਸੇ ਪੰਧ ’ਚ ਸਥਾਪਤ ਕਰਨ ਦੀ ਪ੍ਰਕਿਰਿਆ ਸ਼ਨਿਚਰਵਾਰ ਸ਼ਾਮ ਕਰੀਬ ਚਾਰ ਵਜੇ ਪੂਰੀ ਕੀਤੀ ਜਾਵੇਗੀ।

ਐੱਲ1 (ਲੈਂਗ੍ਰੇਜ ਪੁਆਇੰਟ) ਪੁਲਾੜ ’ਚ ਸਥਿਤ ਉਹ ਸਥਾਨ ਹੈ, ਜਿੱਥੇ ਸੂਰਜ ਤੇ ਧਰਤੀ ਦੀ ਗੁਰੂਤਾ ਖਿੱਚ ਬਰਾਬਰ ਹੁੰਦੀ ਹੈ। ਇਸ ਦੀ ਵਰਤੋਂ ਪੁਲਾੜ ਯਾਨ ਵੱਲੋਂ ਈਂਧਨ ਦੀ ਖਪਤ ਘੱਟ ਕਰਨ ਲਈ ਕੀਤੀ ਜਾਂਦੀ ਹੈ। ਸੌਰ-ਧਰਤੀ ਪ੍ਰਣਾਲੀ ’ਚ ਪੰਜ ਲੈਂਗ੍ਰੇਜ ਪੁਆਇੰਟ ਹਨ। ਆਦਿਤਿਆ ਐੱਲ1 ਦੇ ਕੋਲ ਜਾ ਰਿਹਾ ਹੈ। ਐੱਲ1 ਪੁਆਇੰਟ ਨੇੜਲੇ ਪੰਧ ’ਚ ਰੱਖੇ ਗਏ ਸੈਟੇਲਾਈਟ ਨਾਲ ਸੂਰਜ ਨੂੰ ਬਿਨਾਂ ਕਿਸੇ ਪਰਛਾਵੇ ਤੋਂ ਲਗਾਤਾਰ ਦੇਖਿਆ ਜਾ ਸਕੇਗਾ। ਐੱਲ1 ਦੀ ਵਰਤੋਂ ਕਰਦਿਆਂ ਚਾਰ ਪੇਲੋਡ ਸਿੱਧੇ ਸੂਰਜ ਵੱਲ ਹੋਣਗੇ। ਬਾਕੀ ਤਿੰਨ ਪੇਲੋਡ ਐੱਲ1 ’ਤੇ ਹੀ ਖੇਤਰਾਂ ਦਾ ਅਧਿਐਨ ਕਰਨਗੇ। ਪੰਜ ਸਾਲ ਦੇ ਇਸ ਮਿਸ਼ਨ ਦੌਰਾਨ ਆਦਿਤਿਆ ਇਸੇ ਜਗ੍ਹਾ ਤੋਂ ਸੂਰਜ ਦਾ ਅਧਿਐਨ ਕਰੇਗਾ।

ਪਿਛਲੇ ਸਾਲ ਦੋ ਸਤੰਬਰ ਨੂੰ ਧਰੁਵੀ ਉਪਗ੍ਰਹਿ ਪ੍ਰੀਖਣ ਯਾਨ (ਪੀਐੱਸਐੱਲਵੀ-ਸੀ57) ਨੇ ਸ੍ਰੀਹਰਿਕੋਟਾਂ ਦੇ ਸਤੀਸ਼ ਧਵਨ ਪੁਲਾੜ ਕੇਂਦਰ ’ਚ ‘ਆਦਿਤਿਆ’ ਨਾਲ ਉਡਾਣ ਭਰੀ ਸੀ। ਪੀਐੱਸਐੱਲਵੀ ਨੇ ਇਸ ਨੂੰ 19,500 ਕਿਲੋਮੀਟਰ ਦੇ ਪੰਧ ’ਚ ਸਥਾਪਤ ਕੀਤਾ ਸੀ। ਇਸ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਪੰਧ ਬਦਲਦਿਆਂ ਇਸ ਨੂੰ ਧਰਤੀ ਦੇ ਗੁਰੂਤਾਕਰਸ਼ਣ ਖੇਤਰ ਤੋਂ ਬਾਹਰ ਪਹੁੰਚਾਇਆ ਗਿਆ। ਇਸ ਤੋਂ ਬਾਅਦ ਕਰੂਜ਼ ਪੜਾਅ ਸ਼ੁਰੂ ਹੋਇਆ ਤੇ ਇਹ ਐੱਲ1 ਵੱਲ ਵਧ ਰਿਹਾ ਹੈ।

ਸੂਰਜ ਦਾ ਅਧਿਐਨ ਕਰਨ ਲਈ ‘ਆਦਿਤਿਆ’ ’ਚ ਸੱਤ ਪੇਲੋਡ ਲੱਗੇ ਹਨ। ਮਿਸ਼ਨ ਤਹਿਤ ਸੌਰ ਵਾਯੂਮੰਡਲ (ਕ੍ਰੋਮੋਸਫੇਅਰ, ਫੋਟੋਸਫੇਅਰ ਤੇ ਕੋਰੋਨਾ) ਦੀ ਗਤੀਸ਼ੀਲਤਾ, ਸੂਰਜ ਦੀ ਕੰਬਣੀ ਜਾਂ ਕੋਰੋਨਲ ਮਾਸ ਇਜੈਕਸ਼ਨ (ਸੀਐੱਮਈ), ਧਰਤੀ ਨੇੜੇ ਪੁਲਾੜ ਦੇ ਮੌਸਮ ਦਾ ਅਧਿਐਨ ਕੀਤਾ ਜਾਵੇਗਾ। ਜਿਸ ਤਰ੍ਹਾਂ ਧਰਤੀ ’ਤੇ ਭੂਚਾਲ ਆਉਂਦੇ ਹਨ, ਉਸੇ ਤਰ੍ਹਾਂ ਸੂਰਜ ਦੀ ਕੰਬਣੀ ਵੀ ਹੁੰਦੀ ਹੈ, ਜਿਸ ਨੂੰ ਕੋਰੋਨਲ ਮਾਸ ਇਜੈਕਸ਼ਨ ਕਿਹਾ ਜਾਂਦਾ ਹੈ। ਸੂਰਜੀ ਕੰਬਣੀ ਕਦੇ-ਕਦੇ ਉਪਗ੍ਰਹਿਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸੂਰਜ ਦੇ ਅਧਿਐਨ ਨਾਲ ਹੋਰ ਤਾਰਿਆਂ ਬਾਰੇ ਵੀ ਜਾਣਕਾਰੀ ਮਿਲ ਸਕੇਗੀ।

ਆਦਿਤਿਆ ਐੱਲ1 ਦਾ ਵਿਜੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ (ਬੀਈਐੱਲਸੀ) ਪੇਲੋਡ ਸੀਐੱਮਈ ਦੀ ਗਤੀਸ਼ੀਲਤਾ ਦਾ ਅਧਿਐਨ ਕਰੇਗਾ। ਸੋਲਰ ਅਲਟਰਾਵਾਇਲਟ ਇਮੇਜਿੰਗ ਟੈਲੀਸਕੋਪ (ਐੱਸਯੂਆਈਟੀ) ਫੋਟੋਸਫੇਅਰ ਤੇ ਕ੍ਰੋਮੋਸਫੇਅਰ ਦੀਆਂ ਤਸਵੀਰਾਂ ਲਵੇਗਾ। ਆਦਿਤਿਆ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ (ਏਐੱਸਪੀਈਐਕਸ) ਤੇ ਪਲਾਜ਼ਮਾ ਐਨਾਲਾਈਜ਼ਰ ਪੈਕੇਜ ਫਾਰ ਆਦਿਤਿਆ (ਪਾਪਾ), ਸੌਰ ਪੌਣ ਤੇ ਆਇਨਾਂ ਦੇ ਨਾਲ-ਨਾਲ ਸੌਰ ਊਰਜਾ ਦਾ ਅਧਿਐਨ ਕਰਨਗੇ। ਸੋਲਰ ਲੋ ਐਨਰਜੀ ਐਕਸਰੇ ਸਪੈਕਟ੍ਰੋਮੀਟਰ (ਐੱਸਓਐੱਲੲਐਕਸਐੱਸ) ਤੇ ਹਾਈ ਐਨਰਜੀ ਐੱਲ1 ਆਰਬਿਟਿੰਗ ਐਕਸਰੇ ਸਪੈਕਟ੍ਰੋਮੀਟਰ (ਹੇਲ1ਓਐੱਸ) ਸੌਰ ਜਵਾਲਾ ਦਾ ਅਧਿਐਨ ਕਰਨਗੇ। ਅਡਵਾਂਸਡ ਟ੍ਰਾਈ-ਐਕਸੀਅਲ ਹਾਈ ਰੈਜਿਊਲੇਸ਼ਨ ਡਿਜੀਟਲ ਮੈਗਨੋਮੀਟਰਜ਼ ਐੱਲ1 ਪੁਆਇੰਟ ’ਤੇ ਚੁੰਬਕੀ ਖੇਤਰ ਨੂੰ ਮਾਪੇਗਾ।