ਪੀਟੀਆਈ, ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੁਤੰਤਰਤਾ ਅੰਦੋਲਨ ਦੌਰਾਨ ਰਾਮ ਮੰਦਰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵਿਵਾਦ ਦਾ ਵਿਸ਼ਾ ਨਹੀਂ ਸੀ ਅਤੇ ਹਰ ਭਾਈਚਾਰੇ ਨੇ ਕਿਸੇ ਨਾ ਕਿਸੇ ਰੂਪ ਵਿੱਚ ‘ਰਾਮ ਜਨਮ ਭੂਮੀ ਅੰਦੋਲਨ’ ਦਾ ਸਮਰਥਨ ਕੀਤਾ ਸੀ।

ਰੱਖਿਆ ਮੰਤਰੀ ਰਾਜਨਾਥ ਵੀਰਵਾਰ ਨੂੰ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਮ ਮੰਦਰ 500 ਸਾਲਾਂ ਦੀ ਉਡੀਕ ਤੋਂ ਬਾਅਦ ਬਣ ਰਿਹਾ ਹੈ। ਅਯੁੱਧਿਆ ਵਿੱਚ ਬਣਾਇਆ ਜਾ ਰਿਹਾ ਨਵਾਂ ਰਾਮ ਮੰਦਰ ਭਾਰਤੀ ਸੰਸਕ੍ਰਿਤੀ ਦੀ “ਬਹਾਲੀ” ਦਾ ਪ੍ਰਤੀਕ ਹੈ। ਰਾਮ ਤੋਂ ਬਿਨਾਂ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅਯੁੱਧਿਆ ਨਵੇਂ ਭਾਰਤ ਦਾ ਪ੍ਰਤੀਕ ਬਣੇਗਾ ਜੋ ਦੇਸ਼ ਨੂੰ ਇੱਕ ਵਾਰ ਫਿਰ ਤੋਂ ਵਿਸ਼ਵ ਦੀ ਅਗਵਾਈ ਕਰਨ ਦੀ ਸਮਰੱਥਾ ਦੇਵੇਗਾ।

ਰਾਜਨਾਥ ਨੇ ਕਿਹਾ ਕਿ ਆਜ਼ਾਦੀ ਅੰਦੋਲਨ ਦੌਰਾਨ 12 ਮੁਸਲਮਾਨਾਂ ਨੇ ਰਾਮ ਮੰਦਰ ਦੇ ਸਮਰਥਨ ‘ਚ ਹਲਫਨਾਮਾ ਦਿੱਤਾ ਸੀ। ਰਾਮ ਮੰਦਰ ਨਾਲ ਸਬੰਧਤ ਪਹਿਲੀ ਐਫਆਈਆਰ ਸਿੱਖਾਂ ਦੇ ਇੱਕ ਸਮੂਹ ਖ਼ਿਲਾਫ਼ ਦਰਜ ਕੀਤੀ ਗਈ ਸੀ। ਹਰ ਭਾਈਚਾਰੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਰਾਮ ਜਨਮ ਭੂਮੀ ਅੰਦੋਲਨ ਦਾ ਸਮਰਥਨ ਕੀਤਾ ਹੈ।