ਇੱਕ ਵਿਅਕਤੀ ਜਿਸ ‘ਤੇ ਡੇਰਾ ਮੁਖੀ ਦੇ ਕਤਲ ਦੀ ਸਾਜ਼ਿਸ਼ ਸਮੇਤ ਕੁੱਲ ਅੱਠ ਮਾਮਲੇ ਦਰਜੇ ਹਨ। ਕਤਲ ਜਾਂ ਦੇਸ਼ਧ੍ਰੋਹ ਵਰਗਾ ਕੋਈ ਸੰਗੀਨ ਜੁਰਮ ਨਹੀਂ। ਆਈ.ਐਸ.ਆਈ. ਨਾਲ ਸਬੰਧਾਂ ਦੇ ਸਿਰਫ ਇਲਜ਼ਾਮ ਹਨ। ਉਨ੍ਹਾਂ ਦਾ ਸਾਬਤ ਹੋਣਾ ਵੀ ਹਾਲੇ ਬਾਕੀ ਹੈ। ਇਸ ਦੇ ਬਾਵਜੂਦ ਉਸ ਨੂੰ ਪੂਰਾ ਮੀਡੀਆ ਚੀਕ-ਚੀਕ ਕੇ ਅੱਤਵਾਦੀ, ਆਤੰਕੀ, ਦਹਿਸ਼ਤਗਰਦ ਕਹਿ ਰਿਹਾ ਹੈ।
ਕਾਨੂੰਨਨ ਦੇਖੀਏ ਤਾਂ ਅਜਿਹੇ ਮੁਲਜ਼ਮ ਨੂੰ ਅਪਰਾਧੀ ਤਾਂ ਕਿਹਾ ਜਾ ਸਕਦਾ ਹੈ, ਦਹਿਸ਼ਤਗਰਦ ਜਾਂ ਅੱਤਵਾਦੀ ਕਹਿਣਾ ਕਿੰਨਾ ਕੂ ਜਾਇਜ਼ ਹੈ। ਇੱਕ ਦੂਜਾ ਵਿਅਕਤੀ ਜਿਸ ‘ਤੇ ਕਤਲ, ਬਲਾਤਕਾਰ ਸਮੇਤ ਆਪਣੇ ਡੇਰੇ ਦੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਵਰਗੇ ਗੰਭੀਰ ਇਲਜ਼ਾਮ ਹਨ, ਉਸ ਨੂੰ ਮੀਡੀਆ ‘ਬਾਬਾ’ ਕਹਿ ਕੇ ਸੰਬੋਧਨ ਕਰਦਾ ਹੈ।
ਭਾਰਤੀ ਮੀਡੀਆ ਵਿੱਚ ਇਹ ਵਾਰ-ਵਾਰ ਦੇਖਣ ਨੂੰ ਮਿਲਦਾ ਹੈ ਕਿ ਅੱਤਵਾਦ ਜਾਂ ਆਤੰਕੀ ਸ਼ਬਦ ਦੀ ਵਰਤੋਂ ਨੂੰ ਬਿਨਾਂ ਤੱਥਾਂ ਦੀ ਵਿਚਾਰ ਤੋਂ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਭੁਪਾਲ ਕਾਂਡ ਵੇਲੇ ਵੀ ਇਸ ਦੀ ਚਰਚਾ ਹੋਈ ਸੀ। 27 ਨਵੰਬਰ ਨੂੰ ਨਾਭਾ ਜੇਲ੍ਹ ‘ਚੋਂ ਭੱਜੇ 6 ਕੈਦੀਆਂ ਦੇ ਮਾਮਲੇ ‘ਚ ਵੀ ਸ਼ਾਇਦ ਮੀਡੀਆ ਆਪਣੀ ਨਿਰਪੱਖ ਤੇ ਸੂਝਵਾਨ ਰਿਪੋਰਟਿੰਗ ਦਾ ਸਬੂਤ ਨਹੀਂ ਦੇ ਪਾ ਰਿਹਾ।
ਦੇਸ਼ ‘ਚ ਅੱਤਵਾਦੀ ਦੀ ਪਰਿਭਾਸ਼ਾ ਵੱਖਰੀ-ਵੱਖਰੀ ਹੈ। ਇੱਕ ਦੇਸ਼ ‘ਚ ਹੀ ਕਿਸੇ ਲਈ ਸਰਦਾਰ ਭਗਤ ਸਿੰਘ ਸ਼ਹੀਦ ਹੈ ਤੇ ਕਿਸੇ ਲਈ ਅੱਤਵਾਦੀ। ‘ਦ ਅਮੈਰੀਕਨ ਹੈਰੀਟੇਜ ਡਿਕਸ਼ਨਰੀ ਆਫ਼ ‘ਦ ਇੰਗਲਿਸ਼ ਲੈਂਗੂਏਜ਼ ‘ਚ ਅੱਤਵਾਦ ਦੀ ਪਰਿਭਾਸ਼ਾ ਹੈ: ‘ਕਿਸੇ ਵਿਅਕਤੀ ਜਾਂ ਜਥੇਬੰਦੀ ਵੱਲੋਂ ਜਨਤਾ ਜਾਂ ਸਰਕਾਰ ਨੂੰ ਆਪਣੇ ਸਿਧਾਂਤਾਂ ਜਾਂ ਸਿਆਸੀ ਮਨੋਰਥਾਂ ਸਾਹਮਣੇ ਝੁਕਾਉਣ ਲਈ ਲੋਕਾਂ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਤਾਕਤ ਜਾਂ ਹਿੰਸਾ ਦੀ ਨਾਜਾਇਜ਼ ਵਰਤੋਂ ਕਰਨੀ।”
ਲੇਖਕਾ ਜੈਸਿਕਾ ਸਟਰਨ ਕਹਿੰਦੀ ਹੈ: ”ਅੱਤਵਾਦ ਦਾ ਅਧਿਐਨ ਕਰ ਰਹੇ ਵਿਦਿਆਰਥੀਆਂ ਨੂੰ ਸ਼ਾਇਦ ਕਈ ਹੋਰ ਪਰਿਭਾਸ਼ਾਵਾਂ ਮਿਲ ਜਾਣ ਪਰ ਅੱਤਵਾਦ ਦੀਆਂ ਸਿਰਫ਼ ਦੋ ਖ਼ਾਸੀਅਤਾਂ ਅੱਤਵਾਦ ਨੂੰ ਹੋਰ ਕਿਸਮ ਦੀ ਹਿੰਸਾ ਤੋਂ ਵੱਖਰਾ ਕਰਦੀਆਂ ਹਨ। ਪਹਿਲੀ, ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਦੂਸਰੀ, ਅੱਤਵਾਦੀ ਸਨਸਨੀ ਫੈਲਾਉਣ ਲਈ ਹਿੰਸਾ ਦਾ ਸਹਾਰਾ ਲੈਂਦੇ ਹਨ: ਉਨ੍ਹਾਂ ਦਾ ਇਰਾਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲੈਣ ਨਾਲੋਂ ਲੋਕਾਂ ਅੰਦਰ ਡਰ ਪੈਦਾ ਕਰਨਾ ਹੁੰਦਾ ਹੈ। ਇਸ ਤਰ੍ਹਾਂ ਜਾਣ-ਬੁੱਝ ਕੇ ਖ਼ੌਫ਼ ਪੈਦਾ ਕਰਨ ਕਰਕੇ ਅੱਤਵਾਦ ਸਾਧਾਰਨ ਕਤਲ ਜਾਂ ਹਮਲੇ ਤੋਂ ਵੱਖਰਾ ਹੈ।” –
ਹਰਸ਼ਰਨ ਕੌਰ