ਸੱਤ ਸਾਲ ਬਾਅਦ ਦੁਨੀਆ ‘ਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਵੇਗਾ ਭਾਰਤ : ਸੰਯੁਕਤ ਰਾਸ਼ਟਰ
ਵਾਸ਼ਿੰਗਟਨ: ਭਾਰਤ ਦੀ ਆਬਾਦੀ ਅਗਲੇ ਸੱਤ ਸਾਲ ਭਾਵ 2024 ਤੱਕ ਚੀਨ ਤੋਂ ਵੱਧ ਹੋ ਜਾਵੇਗੀ। ਪਹਿਲਾਂ ਅੰਦਾਜ਼ਾ ਸੀ ਕਿ ਆਬਾਦੀ ਦੇ ਮਾਮਲੇ ਵਿੱਚ ਭਾਰਤ, ਚੀਨ ਨੂੰ 2022 ਤੱਕ ਪਿੱਛੇ ਛੱਡੇਗਾ। ਸੰਯੁਕਤ ਰਾਸ਼ਟਰ ਦੇ ਮੁਤਾਬਕ 2030 ਤੱਕ ਭਾਰਤ ਦੀ ਜਨਸੰਖਿਆ 150 ਕਰੋੜ ਹੋ ਜਾਵੇਗੀ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ ਨੇ ਜਾਰੀ ਕੀਤੀ ਹੈ। ਇਸ ਨੂੰ ‘ਦਿ ਵਰਲਡ ਪਾਪੁਲੇਸ਼ਨ ਪ੍ਰੋਸਪੈਟਸ : ਦਿ 2017 ਰਿਵੀਜ਼ਨ ਦੇ ਨਾਂ ਨਾਲ ਜਾਰੀ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਫਿਲਹਾਲ ਦੁਨੀਆ ਦੀ ਕੁੱਲ ਆਬਾਦੀ 7.6 ਅਰਬ ਹੈ, ਜੋ 2050 ਤੱਕ ਵੱਧ ਕੇ 9.8 ਅਰਬ ਹੋ ਜਾਵੇਗੀ।
ਰਿਪੋਰਟ ਵਿੱਚ ਇਹ ਵੀ ਕਿਆਸ ਲਗਾਇਆ ਗਿਆ ਹੈ ਕਿ 2050 ਤੱਕ ਨਾਈਜੀਰੀਆ ਦੀ ਆਬਾਦੀ ਅਮਰੀਕਾ ਤੋਂ ਜ਼ਿਆਦਾ ਹੋ ਜਾਵੇਗੀ। ਇਸ ਦੇ ਨਾਲ ਹੀ ਨਾਈਜੀਰੀਆ ਦੁਨੀਆ ਦਾ ਤੀਜਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਰਿਪੋਰਟ ਦੇ ਮੁਤਾਬਕ 2050 ਵਿੱਚ ਭਾਰਤ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ ਮੌਜੂਦਾ ਸਮੇਂ ਤੋਂ ਦੁੱਗਣੀ ਹੋ ਜਾਵੇਗੀ। ਇਸ ਸਮੇਂ ਦੇਸ਼ ਵਿੱਚ ਲਗਭਗ 14 ਕਰੋੜ ਲੋਕ 60 ਸਾਲ ਤੋਂ ਵੱਧ ਉਮਰ ਵਾਲੇ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 11 ਫੀਸਦੀ ਹੈ। ਅੱਜ ਭਾਰਤ ਦੀ ਆਬਾਦੀ 134 ਕਰੋੜ ਹੈ, ਜਦਕਿ ਚੀਨ ਦੀ 141 ਕਰੋੜ ਹੈ।ਅੰਦਾਜ਼ਾ ਹੈ ਕਿ ਹਰ ਸਾਲ ਦੁਨੀਆ ਦੀ ਆਬਾਦੀ 8.3 ਕਰੋੜ ਵੱਧ ਰਹੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਅਨਾਜ ਦੀ ਪੈਦਾਵਾਰ ਤੇਜ਼ੀ ਨਾਲ ਘੱਟ ਹੋ ਰਹੀ ਹੈ। ਅਜਿਹੇ ਵਿੱਚ ਆਉਣ ਵਾਲੇ ਸਮੇਂ ਵਿੱਚ ਦੁਨੀਆ ਵਿੱਚ ਖਾਣੇ ਦਾ ਸੰਕਟ ਖੜ੍ਹਾ ਹੋ ਸਕਦਾ ਹੈ।